ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਐਂਟੀ–ਵਾਇਰਲ ਦਵਾਈ ਰੈਮਡੇਸਿਵਿਰ ਨੂੰ ਲੈ ਕੇ ਹੁਣ ਤੱਕ ਜੋ ਨਤੀਜੇ ਸਾਹਮਣੇ ਆਏ ਹਨ, ਉਹ ਸੰਕਟ ਦੇ ਇਸ ਦੌਰ ’ਚੋਂ ਲੰਘ ਰਹੀ ਦੁਨੀਆ ਲਈ ਰਾਹਤ ਵਾਲੀ ਖ਼ਬਰ ਹੈ। ਕੋਵਿਡ–19 ਦੇ ਇਲਾਜ ਲਈ ਲਗਾਤਾਰ ਮੈਡੀਕਲ ਪਰੀਖਣ ਜਾਰੀ ਹਨ ਪਰ ਇਸ ਦੌਰਾਨ ਰੈਮਡੇਸਿਵਿਰ ਦੇ ਕਲੀਨਿਕਲ ਪਰੀਖਣ ਦੇ ਤੀਜੇ ਗੇੜ ਵਿੱਚ ਹਾਂ–ਪੱਖੀ ਨਤੀਜੇ ਸਾਹਮਣੇ ਆਉਣ ਲੱਗੇ ਹਨ ਤੇ ਦੁਨੀਆਂ ਦੀਆਂ ਨਜ਼ਰਾਂ ਹੁਣ ਇਸ ਦਵਾਈ ’ਤੇ ਟਿਕ ਗਈਆਂ ਹਨ।
ਕੋਰੋਨਾ ਵਾਹਿਰਸ ਦੇ ਮਰੀਜ਼ਾਂ ਵਿੱਚ ਰੈਮਡੇਸਿਵਰ ਦੀ ਵਰਤੋਂ ਨਾਲ ਤੇਜ਼ੀ ਨਾਲ ਰੀਕਵਰੀ ਵੇਖਣ ਨੂੰ ਮਿਲ ਰਹੀ ਹੈ। ਇੰਨਾ ਹੀ ਨਹੀਂ, ਅਮਰੀਕਾ ਨੇ ਇਸ ਦਵਾਈ ਦੀ ਹੰਗਾਮੀ ਹਾਲਤ ਵਿੱਚ ਵਰਤੋਂ ਦੀ ਇਜਾਜ਼ਤ ਵੀ ਦੇ ਦਿੱਤੀ ਹੈ।
ਰੈਮਡੇਸਿਵਿਰ ਦੇ ਕਲੀਨਕਲ ਪਰੀਖਣ ਮੁਤਾਬਕ ਇਸ ਦਵਾਈ ਨੇ ਰੋਗੀਆਂ ਦੇ ਸੁਧਾਰ ਸਮੇਂ ਨੂੰ 5 ਦਿਨ ਘੱਟ ਕਰ ਦਿੱਤਾ ਹੈ। ਇਸ ਦਾ ਮਤਲਬ ਹੈ ਕਿ ਮਰੀਜ਼ ਦੀ ਸਿਹਤ ਵਿੱਚ 5 ਦਿਨਾਂ ਤੋਂ ਵੀ ਘੱਟ ਸਮੇਂ ਅੰਦਰ ਸੁਧਾਰ ਵਿਖਾਈ ਦੇਣ ਲੱਗਦਾ ਹੈ। ਅਮਰੀਕਾ ਵਿੰਚ ਕੋਵਿਡ–19 ਲਈ ਇਸ ਦਵਾਈ ਦਾ ਪਰੀਖਣ ਜ਼ੀਲੈਂਡ ਨਾਂਅ ਦੀ ਕੰਪਨੀ ਕਰ ਰਹੀ ਹੈ।
ਮੰਨਿਆ ਜਾ ਰਿਹਾ ਹੈ ਕਿ ਜੇ ਪਰੀਖਣ ਪੂਰੀ ਤਰ੍ਹਾਂ ਸਫ਼ਲ ਰਿਹਾ, ਤਾਂ ਇਸ ਨਾਲ ਦੁਨੀਆ ਨੂੰ ਇੱਕ ਤਰ੍ਹਾਂ ਸੰਜੀਵਨੀ ਮਿਲ ਜਾਵੇਗੀ। ਦਰਅਸਲ, ਰੈਮਡੇਸਿਵਿਰ ਇੱਕ ਐਂਟੀ–ਵਾਇਰਲ ਦਵਾਈ ਹੈ, ਜਿਸ ਨੂੰ ਈਬੋਲਾ ਦੇ ਇਲਾਜ ਲਈ ਬਣਾਇਆ ਗਿਆ ਸੀ। ਇਸ ਨੂੰ ਅਮਰੀਕੀ ਫ਼ਾਰਮਾਸਿਉਟੀਕਲ ਗਿਲੀਅਡ ਸਾਇੰਸਜ਼ ਨੇ ਬਣਾਇਆ ਹੈ।
ਇਸੇ ਵਰ੍ਹੇ ਫ਼ਰਵਰੀ ’ਚ ਯੂਐੱਸ ਨੈਸ਼ਨਲ ਇੰਸਟੀਚਿਊਟ ਆਫ਼ ਐਲਰਜੀ ਐਂਡ ਇਨਫ਼ੈਕਸ਼ਨ ਡਿਜ਼ੀਜ਼ ਨੇ ਐਲਾਨ ਕੀਤਾ ਕਿ ਉਹ ਕੋਵਿਡ–19 ਵਿਰੁੱਧ ਜਾਂਚਾ ਲਈ ਰੈਮਡੇਸਿਵਿਰ ਦਾ ਪਰੀਖਣ ਕਰ ਰਿਹਾ ਹੈ। ਇਸ ਦਵਾਈ ਨੇ ਸਾਰਸ ਤੇ ਮਰਸ ਜਿਹੇ ਵਾਇਰਸ ਵਿਰੁੱਧ ਪਸ਼ੂਆਂ ਉੱਤੇ ਪਰੀਖਣ ਦੌਰਾਨ ਬਿਹਤਰ ਨਤੀਜੇ ਦਿੱਤੇ ਸਨ।
ਇਸ ਪਰੀਖਣ ਵਿੰਚ ਲਗਭਗ 1,000 ਕੋਰੋਨਾ ਮਰੀਜ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਇਨ੍ਹਾਂ ਮਰੀਜ਼ਾਂ ਨੂੰ ਦੋ ਸਮੂਹਾਂ ਵਿੱਚ ਵੰਡ ਕੇ ਰੈਮਡੇਸਿਵਿਰ ਅਤੇ ਪਲੇਸਬੋ ਦਿੱਤੀ ਗਈ। ਜਦੋਂ ਇਨ੍ਹਾਂ ਉੱਤੇ ਪਰੀਖਣ ਹੋਇਆ, ਤਾਂ ਰੈਮਡੇਸਿਵਿਰ ਵਾਲੇ ਕੋਵਿਡ–19 ਮਰੀਜ਼ ਪਲੇਸਬੋ ਦੇ ਮੁਕਾਬਲੇ ਛੇਤੀ ਠੀਕ ਹੋ ਗਏ।
ਰੈਮਡੇਸਿਵਿਰ ਦੀ ਜਿਹੜੇ ਮਰੀਜ਼ਾਂ ਉੱਤੇ ਵਰਤੋਂ ਹੋਈ, ਉਹ 31 ਫ਼ੀ ਸਦੀ ਤੇਜ਼ੀ ਨਾਲ ਸਿਹਤਯਾਬ ਹੋਏ।