ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵਿੱਚ ਮਹਾਦੋਸ਼ ਦੀ ਸੁਣਵਾਈ ਸੈਨੇਟ ’ਚ ਸ਼ੁਰੂ ਹੋ ਗਈ ਹੈ। ਇਸ ਦੌਰਾਨ ਡੈਮੋਕਰੈਟ ਤੇ ਰੀਪਬਲਿਕਨ ਸੰਸਦ ਮੈਂਬਰਾਂ ਨੇ ਇੱਕ–ਦੂਜੇ ’ਤੇ ਦੋਸ਼ ਲਾਏ। ਪ੍ਰਾਪਤ ਜਾਣਕਾਰੀ ਮੁਤਾਬਕ ਇਸ ਦੌਰਾਨ ਗਵਾਹਾਂ ਨੂੰ ਲੈ ਕੇ ਸਦਨ ’ਚ ਸੰਸਦ ਮੈਂਬਰਾਂ ਨੇ ਹੰਗਾਮਾ ਕੀਤਾ।
ਡੈਮੋਕਰੈਟ ਸੰਸਦ ਮੈਂਬਰਾਂ ਨੇ ਸੈਨੇਟ ਦੇ ਆਗੂ ਮਿਚ ਮੈਕੌਨੇਲ ਉੱਤੇ ਦੋਸ਼ ਲਾਇਆ ਕਿ ਉਹ ਇਸ ਪ੍ਰਕਿਰਿਆ ਲਈ ਪ੍ਰਸਤਾਵਿਤ ਨਿਯਮ ਲਿਆ ਕੇ ਮਾਮਲਾ ਦਬਾਉਦ ਦੀ ਕੋਸ਼ਿਸ਼ ਕਰ ਰਹੇ ਹਨ। ਇੱਥੇ ਵਰਣਨਯੋਗ ਹੈ ਕਿ ਮਹਾਦੋਸ਼ ਦੀ ਕਾਰਵਾਈ ਲਈ ਰੀਪਬਲਿਕਨ ਮੈਕੌਨੇਲ ਨੇ ਕੁਝ ਬੁਨਿਆਦੀ ਨਿਯਮ ਪ੍ਰਸਤਾਵਿਤ ਕੀਤੇ ਹਨ।
ਉਨ੍ਹਾਂ ਮੁਤਾਬਕ ਇਸ ਅਧੀਨ ਪਹਿਲੇ ਗੇੜ ’ਚ ਗਵਾਹਾਂ ਤੇ ਸਬੂਤਾਂ ਉੱਤੇ ਕੁਝ ਸਖ਼ਤ ਪਾਬੰਦੀਆਂ ਲਾਗੂ ਹੋਣਗੀਆਂ ਤੇ ਇਹ ਮਾਮਲਾ ਤੇਜ਼ੀ ਨਾਲ ਅੱਗੇ ਵਧੇਗਾ। ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਨਿਯਮ ਨੂੰ ਬਦਲਣ ਦੀ ਡੈਮੋਕ੍ਰੈਟ ਸੰਸਦ ਮੈਂਬਰਾਂ ਦੀ ਕੋਸ਼ਿਸ਼ ਨੂੰ ਤੁਰੰਤ ਰੋਕ ਦੇਣਗੇ।
ਸੁਣਵਾਈ ਦੀ ਸ਼ੁਰੂਆਤ ਤੋਂ ਹੀ ਸੈਨੇਟ ਰੀਪਬਲਿਕਨ ਤੇ ਡੈਮੋਕ੍ਰੈਟਸ ਕਾਨੂੰਨ ਅਤੇ ਅਹਿਮ ਪ੍ਰਕਿਰਿਆਤਮਕ ਮੁੱਦਿਆਂ ਉੱਤੇ ਵੰਡੇ ਹੋਏ ਵਿਖਾਈ ਦਿੱਤੇ। ਸੈਨੇਟ ਦੇ ਡੈਮੋਕ੍ਰੈਟਿਕ ਆਗੂ ਚੱਕ ਸ਼ੂਮਰ ਨੇ ਤਿੰਨ ਸੋਧਾਂ ਪੇਸ਼ ਕੀਤੀਆਂ। ਸਾਰੀਆਂ ਸੋਧਾਂ ਵਿੱਚ ਵ੍ਹਾਈਟ ਹਾਊਸ, ਵਿਦੇਸ਼ ਵਿਭਾਗ ਤੇ ਵਿੱਤ ਤੇ ਪ੍ਰਬੰਧ ਦਫ਼ਤਰ ਨਾਲ ਸਬੰਧਤ ਦਸਤਾਵੇਜ਼ ਉਪਲਬਧ ਕਰਵਾਉਣ ਦੀ ਬੇਨਤੀ ਕੀਤੀ।
ਸੈਨੇਟ ’ਚ ਇਸ ਉੱਤੇ ਵੋਟਿੰਗ ਹੋਈ ਕਿ ਇਹ ਸੋਧ ਸਦਨ ’ਚ ਰੱਖੀ ਜਾਵੇ ਕਿ ਨਾ। ਇੱਥੇ ਵਰਨਣਯੋਗ ਹੈ ਕਿ ਸੱਤਾ ਦੀ ਦੁਰਵਰਤੋਂ ਸੰਸਦ ਦੇ ਕੰਮ ਵਿੱਚ ਰੁਕਾਵਟ ਪੈਦਾ ਕਰਨ ਦੇ ਦੋਸ਼ ਅਧੀਨ ਸ੍ਰੀ ਟਰੰਪ ਵਿਰੁੱਧ ਮਹਾਦੋਸ਼ ਦੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ। ਇਹ ਕਾਰਵਾਈ ਹੁਣ ਸੈਨੇਟ ’ਚ ਚੱਲ ਰਹੀ ਹੈ।
ਟਰੰਪ ਵਿਰੁੱਧ ਮਹਾਦੋਸ਼ ਦੀ ਕਾਰਵਾਈ ਸੈਨੇਟ ’ਚ ਚਲਾਏ ਜਾਣ ਦੇ ਹੱਕ ਵਿੱਚ 228 ਸੰਸਦ ਮੈਂਬਰਾਂ ਨੇ ਤੇ ਵਿਰੋਧੀ ਧਿਰ ਦੇ 193 ਸੰਸਦ ਮੈਂਬਰਾਂ ਨੇ ਵੋਟ ਦਿੱਤੇ ਸਨ।