ਰੂਸ ਨੇ ਕਸ਼ਮੀਰ ਉੱਤੇ ਭਾਰਤ ਦੇ ਕਦਮ ਦੀ ਹਮਾਇਤ ਕਰਦਿਆਂ ਕਿਹਾ ਹੈ ਕਿ ਇਸ ਨੂੰ ਲੈ ਕੇ ਕੀਤੀ ਗਈ ਤਬਦੀਲੀ ਭਾਰਤੀ ਸੰਵਿਧਾਨ ਦੇ ਘੇਰੇ ਅੰਦਰ ਹੀ ਹੈ। ਰੂਸ ਨੇ ਨਾਲ ਹੀ ਭਾਰਤ ਤੇ ਪਾਕਿਸਤਾਨ ਨੂੰ ਸ਼ਾਂਤੀ ਬਣਾ ਕੇ ਰੱਖਣ ਦੀ ਅਪੀਲ ਵੀ ਕੀਤੀ ਹੈ।
ਸ਼ੁੱਕਰਵਾਰ ਨੂੰ ਇੱਕ ਪ੍ਰੈੱਸ ਕਾਨਫ਼ਰੰਸ ਦੌਰਾਨ ਰੂਸ ਦੇ ਵਿਦੇਸ਼ ਮੰਤਰੀ ਨੇ ਕਿਹਾ ਕਿ ਮਾਸਕੋ ਨੂੰ ਆਸ ਹੈ ਕਿ ਭਾਰਤ ਤੇ ਪਾਕਿਸਤਾਨ ਨਵੀਂ ਦਿੱਲੀ ਵੱਲੋਂ ਜੰਮੂ–ਕਸ਼ਮੀਰ ਦੇ ਦਰਜੇ ਵਿੱਚ ਕੀਤੀ ਗਈ ਤਬਦੀਲੀ ਕਾਰਨ ਖੇਤਰ ਵਿੱਚ ਸਥਿਤੀ ਨੂੰ ਕਿਸੇ ਵੀ ਤਰ੍ਹਾਂ ਗੁੰਝਲਦਾਰ ਨਹੀਂ ਹੋਣ ਦੇਣਗੇ।
ਰੂਸ ਨੇ ਕਿਹਾ ਕਿ ਜੰਮੂ–ਕਸ਼ਮੀਰ ਦੇ ਦਰਜੇ ਵਿੱਚ ਤਬਦੀਲੀ ਤੇ ਉਸ ਦੀ ਦੋ ਕੇਂਦਰ ਸ਼ਾਸਤ ਵਿੱਚ ਵੰਡ ਭਾਰਤੀ ਗਣਤੰਤਰ ਦੇ ਸੰਵਿਧਾਨਕ ਘੇਰੇ ਤਹਿਤ ਕੀਤੀ ਗਈ ਹੈ। ਰੂਸ ਸਦਾ ਭਾਰਤ ਤੇ ਪਾਕਿਸਤਾਨ ਦੇ ਰਿਸ਼ਤੇ ਸੁਖਾਵੇਂ ਰੱਖਣ ਦੀ ਹਮਾਇਤ ਕਰਦਾ ਰਿਹਾ ਹੈ।
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਦੋਵੇਂ ਦੇਸ਼ਾਂ ਵਿਚਾਲੇ ਜੋ ਵੀ ਮਤਭੇਦ ਹਨ, ਉਹ 1972 ਦੇ ਸ਼ਿਮਲਾ ਸਮਝੌਤੇ ਅਤੇ 1999 ਦੇ ਲਾਹੌਰ ਐਲਾਨਨਾਮੇ ਦੀਆਂ ਵਿਵਸਥਾਵਾਂ ਮੁਤਾਬਕ ਸਿਆਸੀ ਤੇ ਕੂਟਨੀਤਕ ਤਰੀਕੇ ਨਾਲ ਦੁਵੱਲੇ ਆਧਾਰ ਉੱਤੇ ਸੁਲਝਾਏ ਜਾਣਗੇ।
ਉੱਧਰ ਅਮਰੀਕਾ ਨੇ ਕਿਹਾ ਹੈ ਕਿ ਕਸ਼ਮੀਰ ਉੱਤੇ ਉਸ ਦੀ ਨੀਤੀ ਵਿੱਚ ਕੋਈ ਤਬਦੀਲੀ ਨਹੀਂ ਆਈ ਹੈ ਤੇ ਉਸ ਨੇ ਭਾਰਤ ਤੇ ਪਾਕਿਸਤਾਨ ਨੂੰ ਸ਼ਾਂਤੀ ਕਾਇਮ ਰੱਖਣ ਤੇ ਸੰਜਮ ਵਰਤਣ ਦਾ ਸੱਦਾ ਦਿੱਤਾ ਹੈ। ਵਿਦੇਸ਼ ਮੰਤਰਾਲੇ ਦੇ ਤਰਜਮਾਨ ਮੌਰਗਨ ਓਰਟਾਗਸ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਅਮਰੀਕਾ ਦੀ ਨੀਤੀ ਇਹੋ ਰਹੀ ਹੈ ਕਿ ਕਸ਼ਮੀਰ ਭਾਰਤ ਤੇ ਪਾਕਸਤਾਨ ਵਿਚਾਲੇ ਇੱਕ ਦੁਵੱਲਾ ਮੁੱਦਾ ਹੈ ਤੇ ਦੋਵੇਂ ਦੇਸ਼ਾਂ ਨੂੰ ਇਸ ਮੁੱਦੇ ਉੱਤੇ ਗੱਲਬਾਤ ਦੀ ਰਫ਼ਤਾਰ ਤੇ ਗੁੰਜਾਇਸ਼ ਨੂੰ ਲੈ ਕੇ ਫ਼ੈਸਲਾ ਕਰਨਾ ਹੈ।