ਹਮਲੇ ਤੋ ਬਾਅਦ ਰੋਕੀ ਗਈ ਕੱਚੇ ਤੇਲ ਦੀ ਸਪਲਾਈ
ਤੇਲ ਉਤਪਾਦਕ ਦੇਸ਼ਾਂ ਦੇ ਸਮੂਹ ਓਪੇਕ ਦੇ ਮਹੱਤਵਪੂਰਨ ਹਿੱਸੇਦਾਰ ਸਾਊਦੀ ਅਰਬ ਨੇ ਕਿਹਾ ਹੈ ਕਿ ਡ੍ਰੋਨ ਹਮਲੇ ਤੋਂ ਬਾਅਦ ਉਸ ਨੇ ਵੱਡੀ ਪਾਈਪਲਾਈਨ ਤੋਂ ਕੱਚੇ ਤੇਲ ਦੀ ਸਪਲਾਈ ਰੋਕ ਦਿੱਤਾ ਹੈ। ਯਮਨ ਦੇ ਹੂਤੀ ਵਿਦਰੋਹੀਆਂ ਨੇ ਸਾਊਦੀ ਅਰਬ ਦੇ ਅਹਿਮ ਥਾਵਾਂ ਨੂੰ ਨਿਸ਼ਾਨਾ ਬਣਾਉਣ ਦਾ ਦਾਅਵਾ ਕੀਤਾ ਹੈ।
ਊਰਜਾ ਮੰਤਰੀ ਖਾਲਿਦ ਅਲ ਫਾਲਿਹ ਨੇ ਕਿਹਾ ਕਿ ਮੰਗਲਵਾਰ ਸਵੇਰੇ ਲਾਲ ਸਾਗਰ ਵਲੋਂ ਤੇਲ ਸੰਪੰਨ ਪੂਰਬੀ ਸੂਬੇ ਤੋਂ ਹੋ ਕੇ ਲੰਘਣ ਵਾਲੀ ਪਾਈਪਲਾਈਨ ਉੱਤੇ ਦੋ ਪਪਿੰਗ ਸਟੇਸ਼ਨਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਇਸ ਮਹੱਤਵਪੂਰਨ ਪਾਈਪਲਾਈਨ ਤੋਂ ਘੱਟ ਤੋਂ ਘੱਟ 50 ਲੱਖ ਬੈਰਲ ਤੇਲ ਦੀ ਸਪਲਾਈ ਕੀਤੀ ਜਾਂਦੀ ਹੈ। ਸਰਕਾਰੀ ਖ਼ਬਰ ਏਜੰਸੀ ਐਸਪੀਏ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸਾਊਦੀ ਦੀ ਸਰਕਾਰੀ ਤੇਲ ਕੰਪਨੀ ਅਰਾਮਕੋ ਨੇ ਸਾਵਧਾਨੀ ਨਾਲ ਕਦਮ ਚੁੱਕੇ ਹਨ ਅਤੇ ਪਾਈਪਲਾਈਨ ਦੇ ਸੰਚਾਲਨ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਹੈ। ਸਥਿਤੀ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ ਅਤੇ ਪ੍ਰਭਾਵਿਤ ਪੰਪ ਸਟੇਸ਼ਨਾਂ ਦੇ ਸੰਚਾਲਨ ਨੂੰ ਪੁਨਰ ਸਥਾਪਤ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ।
1200 ਕਿਲੋਮੀਟਰ ਦੀ ਇਸ ਪਾਈਪਲਾਈਨ ਰਾਹੀਂ ਸਾਊਦੀ ਅਰਬ ਦੇ ਪੂਰਬੀ ਹਿੱਸੇ ਵਿਚਲੇ ਮੁੱਖ ਤੇਲ ਖੇਤਰ ਤੋਂ ਪੱਛਮ ਵਿਚ ਲਾਲ ਸਾਗਰ ਦੇ ਕੰਢੇ ਵਸੇ ਸ਼ਹਿਰ ਯਾਨਬੂ ਤੱਕ ਕੱਚੇ ਤੇਲ ਨੂੰ ਭੇਜਿਆ ਜਾਂਦਾ ਹੈ। ਯਮਨ ਦੇ ਹੂਤੀ ਵਿਦਰੋਹੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਉਨ੍ਹਾਂ ਨੇ ਡ੍ਰੋਨ ਰਾਹੀਂ ਸਾਊਦੀ ਅਰਬ ਦੇ ਕਈ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਹੈ।