ਕੋਰੋਨਾ ਵਾਇਰਸ ਨਾਲ ਲੜ ਰਹੀ ਦੁਨੀਆਂ ਲਈ ਰਾਹਤ ਦੀ ਖ਼ਬਰ ਹੈ। ਆਕਸਫ਼ੋਰਡ ਯੂਨੀਵਰਸਿਟੀ ਦੇ ਵਿਗਿਆਨੀ ਟੀਕਾ ਬਣਾਉਣ ਦੇ ਬਹੁਤ ਨੇੜੇ ਪਹੁੰਚ ਗਏ ਹਨ। ਬ੍ਰਿਟਿਸ਼ ਸਵੀਡਿਸ਼ ਫਾਰਮਾਸਿਊਟੀਕਲ ਕੰਪਨੀ ਐਸਟ੍ਰਾਜ਼ੈਨੇਕਾ ਦਾ ਦਾਅਵਾ ਹੈ ਕਿ ਟੀਕੇ ਦੇ ਨਤੀਜੇ ਇੰਨੇ ਉਤਸ਼ਾਹਜਨਕ ਹਨ ਕਿ ਉਨ੍ਹਾਂ ਨੇ ਉਤਪਾਦਨ ਵੀ ਅਰੰਭ ਕਰ ਦਿੱਤਾ ਹੈ। ਪੁਣੇ 'ਚ ਵੀ 1 ਅਰਬ ਲੋਕਾਂ ਲਈ ਟੀਕਾ ਬਣਾਇਆ ਜਾਵੇਗਾ, ਜਿਸ ਨੂੰ ਦੁਨੀਆਂ ਦੇ ਗਰੀਬ ਦੇਸ਼ਾਂ 'ਚ ਭੇਜਿਆ ਜਾਵੇਗਾ।
ਕੰਪਨੀ ਦੇ ਸੀਈਓ ਪਾਸਕਲ ਸੋਰਿਓਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਸਾਨੂੰ ਉਮੀਦ ਹੈ ਕਿ ਟੀਕੇ ਦਾ ਅੰਤਮ ਨਤੀਜਾ ਵੀ ਬਿਹਤਰ ਆਵੇਗਾ। ਇਸ ਲਈ ਅਸੀ ਵੱਧ ਤੋਂ ਵੱਧ ਟੀਕੇ ਬਣਾ ਰਹੇ ਹਾਂ ਤਾਂ ਕਿ ਅੰਤਮ ਟੈਸਟ ਤੋਂ ਬਾਅਦ ਇਹ ਛੇਤੀ ਤੋਂ ਛੇਤੀ ਲੋਕਾਂ ਤਕ ਪਹੁੰਚ ਸਕੇ। ਸੰਭਾਵਤ ਤੌਰ 'ਤੇ ਅਗਸਤ ਮਹੀਨੇ ਤਕ ਟੀਕੇ ਦੇ ਸਾਰੇ ਪ੍ਰੀਖਣ ਹੋ ਜਾਣਗੇ। ਇਸ ਲਈ ਸਾਡੇ ਕੋਲ ਸਤੰਬਰ 'ਚ ਕਾਫ਼ੀ ਟੀਕੇ ਹੋਣੇ ਚਾਹੀਦੇ ਹਨ।
ਪਾਸਕਲ ਸੋਰੀਓਟ ਨੇ ਕਿਹਾ ਕਿ ਟੀਕੇ ਦੀ ਛੇਤੀ ਸਪਲਾਈ ਲਈ ਉਹ ਛੇਤੀ ਹੀ ਪੁਣੇ ਸਥਿੱਤ ਸੇਰਮ ਇੰਸਟੀਚਿਊਟ ਨਾਲ ਸਮਝੌਤਾ ਕਰਨ ਜਾ ਰਹੇ ਹਨ। ਦੋਵੇਂ ਕੰਪਨੀਆਂ ਮਿਲ ਕੇ 1 ਅਰਬ ਕੋਰੋਨਾ ਟੀਕੇ ਭਾਰਤ ਸਮੇਤ ਘੱਟ ਆਮਦਨੀ ਵਾਲੇ ਦੇਸ਼ਾਂ 'ਚ ਪਹੁੰਚਾਉਣਗੀਆਂ। ਇਨ੍ਹਾਂ ਵਿੱਚੋਂ 2020 ਦੇ ਅੰਤ ਤਕ 40 ਕਰੋੜ ਟੀਕੇ ਸਪਲਾਈ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਐਸਟ੍ਰਾਜ਼ੈਨੇਕਾ ਦੋ ਹੋਰ ਕੰਪਨੀਆਂ ਕੋਲੀਸ਼ਨ ਫ਼ਾਰ ਐਪੀਡੈਮਿਕ ਪ੍ਰੀਪੇਰੇਡਨੈੱਸ ਇਨੋਵੇਸ਼ਨ, ਗਾਵੀ ਦੀ ਵੈਕਸੀਨ ਅਲਾਇੰਸ ਨਾਲ ਸਮਝੌਤਾ ਕਰਨ ਜਾ ਰਹੀ ਹੈ, ਤਾਕਿ 30 ਕਰੋੜ ਟੀਕੇ ਦੀ ਖਰੀਦ ਅਤੇ ਵੰਡ ਕੀਤੀ ਜਾ ਸਕੇ।
ਟੀਕਾ ਨਿਰਮਾਣ 'ਚ ਸਭ ਤੋਂ ਅੱਗੇ :
ਦੁਨੀਆ 'ਚ 100 ਤੋਂ ਵੱਧ ਸੰਸਥਾਵਾਂ ਕੋਰੋਨਾ ਟੀਕਾ ਬਣਾਉਣ ਦੀ ਕੋਸ਼ਿਸ਼ ਕਰ ਰਹੀਆਂ ਹਨ, ਪਰ ਆਕਸਫ਼ੋਰਡ ਯੂਨੀਵਰਸਿਟੀ ਸਭ ਤੋਂ ਅੱਗੇ ਹੈ। ਵਿਗਿਆਨੀਆਂ ਨੇ ਪਹਿਲੇ ਪੜਾਅ 'ਚ ਅਪ੍ਰੈਲ ਵਿੱਚ 100 ਲੋਕਾਂ 'ਤੇ ਟੀਕੇ ਦਾ ਪ੍ਰੀਖਣ ਕੀਤਾ, ਜੋ ਸਫਲ ਰਿਹਾ ਸੀ। ਹੁਣ ਦੂਜੇ ਅਤੇ ਤੀਜੇ ਪੜਾਅ ਦੇ ਟ੍ਰਾਇਲ 10,000 ਬਾਲਗਾਂ ਉੱਤੇ ਸ਼ੁਰੂ ਕੀਤੇ ਗਏ ਹਨ। ਇਹ ਪ੍ਰੀਖਣ ਬ੍ਰਾਜ਼ੀਲ ਸਮੇਤ ਕਈ ਦੇਸ਼ਾਂ 'ਚ ਕੀਤੇ ਜਾ ਰਹੇ ਹਨ।