ਪੱਛਮੀ ਏਸ਼ੀਆ ਦੇ ਦੇਸ਼ ਯਮਨ ਦੇ ਪ੍ਰਮੁੱਖ ਬੰਦਰਗਾਹ ਸ਼ਹਿਰ ਅਦਨ ਉੱਤੇ ਵੱਖਵਾਦੀਆਂ ਭਾਵ ਬਾਗ਼ੀਆਂ ਦਾ ਕਬਜ਼ਾ ਹੋ ਗਿਆ ਹੈ। ਇਸ ਤੋਂ ਪਹਿਲਾਂ ਇਨ੍ਹਾਂ ਬਾਗ਼ੀਆਂ ਦੀ ਦੇਸ਼ ਦੀ ਫ਼ੌਜ ਨਾਲ ਕਈ ਦਿਨ ਜੰਗ ਚੱਲਦੀ ਰਹੀ। ਏਐੱਫ਼ਪੀ ਮੁਤਾਬਕ ਇਸ ਸੰਘਰਸ਼ ਦੌਰਾਨ 40 ਵਿਅਕਤੀ ਮਾਰੇ ਗਏ ਹਨ ਤੇ 250 ਦੇ ਲਗਭਗ ਜ਼ਖ਼ਮੀ ਹੋ ਗਏ ਹਨ।
ਜਿਹੜੇ ਵੱਖਵਾਦੀਆਂ ਨੇ ਅਦਨ ਉੱਤੇ ਕਬਜ਼ਾ ਕੀਤਾ ਹੈ; ਉਨ੍ਹਾਂ ਦੀ ‘ਸਦਰਨ ਟ੍ਰਾਂਜ਼ੀਸ਼ਨਲ ਕੌਂਸਲ’ (STC) ਨੂੰ ਸੰਯੁਕਤ ਅਰਬ ਅਮੀਰਾਤ (UAE) ਦੀ ਹਮਾਇਤ ਵੀ ਹਾਸਲ ਹੈ। ਵੱਖਵਾਦੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਫ਼ੌਜੀ ਕੈਂਪਾਂ ਤੇ ਰਾਸ਼ਟਰਪਤੀ ਦੇ ਮਹੱਲ ਉੱਤੇ ਵੀ ਕਬਜ਼ਾ ਕਰ ਲਿਆ ਹੈ।
ਸਊਦੀ ਅਰਬ ਦੀ ਹਮਾਇਤ ਪ੍ਰਾਪਤ ਗੱਠਜੋੜ ਨੇ ਕਿਹਾ ਹੈ ਕਿ ਉਸ ਨੇ ਫ਼ੌਜੀ ਕਾਰਵਾਈ ਦਾ ਜਵਾਬ ਦਿੱਤਾ। ਉੱਧਰ ਸਰਕਾਰੀ ਧਿਰ ਨੇ ਕਿਹਾ ਹੈ ਕਿ ਅਦਨ ਉੱਤੇ ਕਬਜ਼ਾ ਇੱਕ ਰਾਜ–ਪਲਟਾ ਹੈ।
ਕੁਲੀਸ਼ਨ ਫ਼ੌਜਾਂ ਨੇ ਐੱਸਟੀਸੀ ਨੂੰ ਅਦਨ ’ਚੋਂ ਆਪਣੇ ਬਲ ਵਾਪਸ ਲੈਣ ਲਈ ਆਖਿਆ ਸੀ ਤੇ ਅਜਿਹਾ ਨਾ ਕਰਨ ਦੀ ਹਾਲਤ ਵਿੱਚ ਉਸ ਵਿਰੁੱਧ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਸੀ।