ਬਾਲੀਵੁੱਡ ਦੀ ਬਹੁ-ਚਰਚਿਤ ਅਦਾਕਾਰਾ ਸਿ਼ਲਪਾ ਸ਼ੈਟੀ ਕੁੰਦਰਾ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਆਸਟ੍ਰੇਲੀਅ ਦੇ ਸ਼ਹਿਰ ਸਿਡਨੀ ਦੇ ਹਵਾਈ ਅੱਡੇ `ਤੇ ਕੰਟਾਸ ਏਅਰਲਾਈਨਜ਼ ਦੀ ਇੱਕ ਮਹਿਲਾ ਮੁਲਾਜ਼ਮ ਨਾਲ ਸਿਰਫ਼ ਇਸ ਲਈ ਬਦਤਮੀਜ਼ੀ ਕੀਤੀ ਕਿਉਂਕਿ ਉਨ੍ਹਾਂ ਦੀ ਚਮੜੀ ਦਾ ਰੰਗ ਭੂਰਾ ਸੀ। ਸਿ਼ਲਪਾ ਸ਼ੈਟੀ ਅਨੁਸਾਰ ਉਸ ਰੁੱਖੀ ਕਿਸਮ ਦੀ ਮੁਲਾਜ਼ਮ ਦਾ ਵਤੀਰਾ ਕਥਿਤ ਤੌਰ `ਤੇ ਚਮੜੀ ਦਾ ਰੰਗ ਵੇਖ ਕੇ ਬਦਲ ਰਿਹਾ ਸੀ। ਸਿ਼ਲਪਾ ਸ਼ੈਟੀ ਨੇ ਸਿਡਨੀ ਤੋਂ ਮੈਲਬੌਰਨ ਜਾਣ ਲਈ ਉਡਾਣ ਫੜਨੀ ਸੀ।
ਇੱਥੇ ਵਰਨਣਯੋਗ ਹੈ ਕਿ ਸਾਲ 2007 `ਚ ਸਿ਼ਲਪਾ ਸ਼ੈਟੀ ਨੂੰ ਇੰਗਲੈਂਡ ਦੇ ਰੀਐਲਿਟੀ ਸ਼ੋਅ ‘ਰੀਐਲਿਟੀ ਬਿੱਗ ਬ੍ਰਦਰ` ਦੇ 5ਵੇਂ ਸੀਜ਼ਨ ਦੌਰਾਨ ਵੀ ਆਪਣੇ ਸਾਥੀ ਉਮੀਦਵਾਰਾਂ ਦੇ ਨਸਲੀ ਵਤੀਰੇ ਦਾ ਸਾਹਮਣਾ ਕਰਨਾ ਪਿਆ ਸੀ।
43 ਸਾਲਾ ਫਿ਼ਲਮ ਅਦਾਕਾਰਾ ਸਿ਼ਲਪਾ ਸ਼ੈਟੀ ਨੇ ਇੰਸਟਾਗ੍ਰਾਮ `ਤੇ ਵੀ ਆਪਣਾ ਅੱਜ ਦਾ ਕਿੱਸਾ ਬਿਆਨ ਕੀਤਾ ਤੇ ਉਸ ਬੈਗ ਦੀ ਤਸਵੀਰ ਵੀ ਸ਼ੇਅਰ ਕੀਤੀ, ਜਿਸ ਕਾਰਨ ਏਅਰਲਾਈਨਜ਼ ਦੀ ਉਸ ਮਹਿਲਾ ਮੁਲਾਜ਼ਮ ਮੈਲ ਨੇ ਬਦਤਮੀਜ਼ੀ ਕੀਤੀ ਸੀ। ਉਹ ਵਾਰ-ਵਾਰ ਨਫ਼ਰਤ ਭਰੇ ਰਵੱਈਏ ਨਾਲ ਇਹੋ ਇਤਰਾਜ਼ ਕਰਦੀ ਰਹੀ ਕਿ ਇਹ ਬੈਗ ਜ਼ਰੂਰਤ ਤੋਂ ਜਿ਼ਆਦਾ ਵੱਡਾ ਹੈ; ਜਦ ਕਿ ਉਸ ਦੇ ਸਾਥੀ ਮੁਲਾਜ਼ਮ ਤੇ ਅਧਿਕਾਰੀ ਕਹਿ ਰਹੇ ਸਨ ਕਿ ਇਸ ਬੈਗ ਦਾ ਆਕਾਰ ਬਿਲਕੁਲ ਦਰੁਸਤ ਹੈ।