ਤਸਵੀਰਾਂ: ਸਮੀਰ ਸਹਿਗਲ, ਹਿੰਦੁਸਤਾਨ ਟਾਈਮਜ਼ – ਅੰਮ੍ਰਿਤਸਰ
ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ ਸਿੱਖ ਸੰਗਤ ਦਾ ਜੋਸ਼ ਵੇਖਣ ਵਾਲਾ ਹੈ। ਦੇਸ਼–ਵਿਦੇਸ਼ ਤੋਂ ਸਿੱਖ ਸ਼ਰਧਾਲੂ ਲਗਾਤਾਰ ਪਾਕਿਸਤਾਨ ਦੇ ਸ਼ਹਿਰ ਸ੍ਰੀ ਨਨਕਾਣਾ ਸਾਹਿਬ ਪੁੱਜ ਰਹੇ ਹਨ। ਇਸ ਤੋਂ ਬਾਅਦ ਇਨ੍ਹਾਂ ਹੀ ਸੰਗਤਾਂ ਨੇ ਸ੍ਰੀ ਕਰਤਾਰਪੁਰ ਸਾਹਿਬ ਵੀ ਜਾਣਾ ਹੈ। ਇੰਝ ਪਾਕਿਸਤਾਨ ਦੀ ਧਰਤੀ ਉੱਤੇ ਹੁਣ ਜ਼ਿਆਦਾਤਰ ਕੇਸਰੀ, ਨੀਲੀਆਂ ਤੇ ਚਿੱਟਾਂ ਦਸਤਾਰਾਂ ਵਿਖਾਈ ਦੇ ਰਹੀਆਂ ਹਨ।
ਅੱਜ ਸਵੇਰੇ ਅੰਮ੍ਰਿਤਸਰ ਤੋਂ ਵੱਡੀ ਗਿਣਤੀ ’ਚ ਸ਼ਰਧਾਲੂ ਅਟਾਰੀ ਸਰਹੱਦ ਰਾਹੀਂ ਸ੍ਰੀ ਨਨਕਾਣਾ ਸਾਹਿਬ ਲਈ ਰਵਾਨਾ ਹੋਏ। ਉਸ ਤੋਂ ਪਹਿਲਾਂ ਨਨਕਾਣਾ ਸਾਹਿਬ ਪੁੱਜਣ ਵਾਲਿਆਂ ’ਚ ਇੰਗਲੈਂਡ ਤੋਂ ਆਇਆ 178 ਸ਼ਰਧਾਲੂਆਂ ਦਾ ਵੱਡਾ ਜੱਥਾ ਵੀ ਸ਼ਾਮਲ ਸੀ। ਉਨ੍ਹਾਂ ਨੇ ਸ਼ੇਖ਼ੂਪੁਰਾ ਜ਼ਿਲ੍ਹੇ ਦੇ ਸੱਚਾ ਸੌਦਾ ਗੁਰਦੁਆਰਾ ਸਾਹਿਬ ਜਾਣ ਦਾ ਵੀ ਪ੍ਰੋਗਰਾਮ ਹੈ।
ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਐਲਾਨ ਕੀਤਾ ਹੈ ਕਿ ਬਾਬਾ ਗੁਰੂ ਨਾਨਕ ਦੇ ਪ੍ਰਕਾਸ਼ ਪੁਰਬ ਨਾਲ ਸਬੰਧਤ ਸਮਾਰੋਹ ਪੂਰੇ ਨਵੰਬਰ ਮਹੀਨੇ ਜਾਰੀ ਰਹਿਣਗੇ।
ਭਾਰਤ ਦੇ ਨਾਲ–ਨਾਲ ਯੂਰੋਪ ਤੇ ਉੱਤਰੀ ਅਮਰੀਕਾ ਦੇ ਸਿੱਖ ਤੀਰਥ ਯਾਤਰੀ ਇਸ ਸਬੰਧੀ ਵੱਖੋ–ਵੱਖਰੇ ਪ੍ਰੋਗਰਾਮਾਂ ਵਿੱਚ ਸ਼ਾਮਲ ਹੋਣਗੇ। ਪਾਕਿਸਤਾਨੀ ਪੰਜਾਬ ਦੇ ਇਵੈਕੁਈ ਟ੍ਰੱਸਟ ਬੋਰਡ ਦੇ ਬੁਲਾਰੇ ਆਮੇਰ ਹਾਸ਼ਮੀ ਨੇ ਕਿਹਾ ਕਿ ਮੁੱਖ ਪ੍ਰੋਗਰਾਮ 12 ਨਵੰਬਰ ਨੂੰ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਦਰਬਾਰਾ ਸਾਹਿਬ ਵਿਖੇ ਹੋਵੇਗਾ।
ਇਸ ਦੌਰਾਨ ਸੋਨੇ ਦੀ ਪਾਲਕੀ ਨਾਲ ਲਗਭਗ 1,100 ਸਿੱਖ ਸ਼ਰਧਾਲੂਆਂ ਦਾ ਪਹਿਲਾ ਜੱਥਾ 31 ਅਕਤੂਬਰ ਨੂੰ ਵਾਹਗਾ ਬਾਰਡਰ ਤੋਂ ਹੋ ਕੇ ਇੱਥੇ ਪੁੱਜਾ। ਮੰਗਲਵਾਰ ਨੁੰ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਵਿਖੇ ਪਾਲਕੀ ਸਥਾਪਤ ਕੀਤੀ ਜਾਵੇਗੀ। ਕਰਤਾਰਪੁਰ ਸਾਹਿਬ ਗੁਰੂਘਰ ਜਿਸ ਜਗ੍ਹਾ ’ਤੇ ਸਥਾਪਤ ਹੈ, ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਅੰਤਲੇ ਵਰ੍ਹੇ ਬਿਤਾਏ ਸਨ।