ਕੁਝ ਦਿਨ ਪਹਿਲਾਂ ਪਾਕਿਸਤਾਨੀ ਪੱਤਰਕਾਰ ਦੇ ਸਿੱਖ ਭਰਾ ਦੇ ਕਤਲ ਦੇ ਮਾਮਲੇ ’ਚ ਪਾਕਿਸਤਾਨ ਦੀ ਪੁਲਿਸ ਨੇ ਹੁਣ ਇੱਕ ਵੱਡਾ ਇੰਕਸ਼ਾਫ਼ ਕੀਤਾ ਹੈ। ਪੁਲਿਸ ਨੇ ਰਵਿੰਦਰ ਸਿੰਘ ਨਾਂਅ ਦੇ ਇਸ ਨੌਜਵਾਨ ਦੇ ਕਤਲ ਦੀ ਸਾਜ਼ਿਸ਼ ਤੋਂ ਪਰਦਾ ਚੁੱਕ ਦਿੱਤਾ ਹੈ।
ਪਾਕਿਸਤਾਨ ਪੁਲਿਸ ਦਾ ਦਾਅਵਾ ਹੈ ਕਿ ਮਲੇਸ਼ੀਆ ’ਚ ਰਹਿੰਦੇ ਰਹੇ ਰਵਿੰਦਰ ਸਿੰਘ ਦਾ ਵਿਆਹ ਆਪਣੀ ਮੰਗੇਤਰ ਪ੍ਰੇਮ ਕੁਮਾਰੀ ਨਾਲ ਹੋਣਾ ਤੈਅ ਸੀ ਤੇ ਇਸੇ ਲਈ ਹੁਣ ਉਹ ਪਾਕਿਸਤਾਨ ਆਇਆ ਹੋਇਆ ਸੀ।
ਪਾਕਿਸਤਾਨੀ ਪੁਲਿਸ ਦਾ ਦੋਸ਼ ਹੈ ਕਿ ਪ੍ਰੇਮ ਕੁਮਾਰੀ ਅਸਲ ’ਚ ਰਵਿੰਦਰ ਸਿੰਘ ਨਾਲ ਵਿਆਹ ਨਹੀਂ ਕਰਵਾਉਣਾ ਚਾਹੁੰਦੀ ਸੀ। ਇਸੇ ਲਈ ਮੰਗੇਤਰ ਨੇ ਰਵਿੰਦਰ ਸਿੰਘ ਨੂੰ ਟਿਕਾਣੇ ਲਾਉਣ ਲਈ ਇੱਕ ਖ਼ਤਰਨਾਕ ਕਦਮ ਚੁੱਕਿਆ।
ਪਾਕਿਸਤਾਨੀ ਸੂਬੇ ਖ਼ੈਬਰ ਪਖ਼ਤੂਨਖ਼ਵਾ ਦੇ ਮਰਦਾਨ ਸਥਿਤ ਇੱਕ ਸ਼ਾਪਿੰਗ ਮਾੱਲ ’ਚ ਭਾੜੇ ਦੇ ਟੱਟੂਆਂ ਨੇ ਰਵਿੰਦਰ ਨੂੰ ਗੋਲ਼ੀਆਂ ਮਾਰ ਕੇ ਖ਼ਤਮ ਕਰ ਦਿੱਤਾ ਸੀ। ਰਵਿੰਦਰ ਸਿੰਘ ਦੀ ਲਾਸ਼ ਪੇਸ਼ਾਵਰ ’ਚ ਸੁੱਟ ਦਿੱਤੀ ਗਈ ਸੀ।
ਪਾਕਿਸਤਾਨ ਪੁਲਿਸ ਦਾ ਇਹ ਵੀ ਦਾਅਵਾ ਹੈ ਕਿ ਰਵਿੰਦਰ ਸਿੰਘ ਨੂੰ ਸਦਾ ਦੀ ਨੀਂਦਰ ਸੁਆਉਣ ਲਈ ਮੰਗੇਤਰ ਨੇ ਭਾੜੇ ਦੇ ਨਿਸ਼ਾਨੇਬਾਜ਼ਾਂ ਨਾਲ 7 ਲੱਖ ਰੁਪਏ ’ਚ ਤੈਅ ਕੀਤਾ ਸੀ। ਇਸ ਲਈ ਕੁਝ ਪੇਸ਼ਗੀ ਭੁਗਤਾਨ ਵੀ ਕਰ ਦਿੱਤਾ ਗਿਆ ਸੀ।
ਇੱਥੇ ਵਰਨਣਯੋਗ ਹੈ ਕਿ ਪਾਕਿਸਤਾਨ ਦੇ ਪੇਸ਼ਾਵਰ ’ਚ ਇੱਕ ਅਣਪਛਾਤੇ ਵਿਅਕਤੀ ਨੇ ਸਿੱਖ ਨੌਜਵਾਨ ਰਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਸੀ। ਪਾਕਿਸਤਾਨੀ ਪੱਤਰਕਾਰ ਹਰਮੀਤ ਸਿੰਘ ਭਰਾ ਰਵਿੰਦਰ ਸਿੰਘ ਮੂਲ ਰੂਪ ’ਚ ਖ਼ੈਬਰ ਪਖ਼ਤੂਨਖ਼ਵਾ ਦਾ ਹੀ ਜੰਮਪਲ਼ ਸੀ।
ਇਸ ਵੇਲੇ ਉਹ ਮਲੇਸ਼ੀਆ ’ਚ ਰਹਿ ਰਿਹਾ ਸੀ ਤੇ ਆਪਣੇ ਵਿਆਹ ਦੇ ਸਿਲਸਿਲੇ ’ਚ ਹੀ ਘਰ ਆਇਆ ਹੋਇਆ ਸੀ।
ਜਿਸ ਵੇਲੇ ਰਵਿੰਦਰ ਸਿੰਘ ਦਾ ਕਤਲ ਕੀਤਾ ਗਿਆ, ਉਦੋਂ ਉਹ ਆਪਣੇ ਵਿਆਹ ਲਈ ਸ਼ਾਪਿੰਗ ਕਰਨ ਲਈ ਮਾੱਲ ’ਚ ਆਇਆ ਹੋਇਆ ਸੀ।