ਵਾਸ਼ਿੰਗਟਨ ਪੋਸਟ ਦੇ ਪੱਤਰਕਾਰ ਜਮਾਲ ਖਸ਼ੋਗੀ ਦੇ ਪੁੱਤਰਾਂ ਨੇ ਸ਼ੁੱਕਰਵਾਰ (22 ਮਈ) ਨੂੰ ਐਲਾਨ ਕੀਤਾ ਕਿ ਉਨ੍ਹਾਂ ਨੇ ਆਪਣੇ ਪਿਤਾ ਦੇ ਕਾਤਲਾਂ ਨੂੰ ਮੁਆਫ਼ ਕਰ ਦਿੱਤਾ ਹੈ ਅਤੇ ਸਾਊਦੀ ਦੇ ਪੰਜ ਸਰਕਾਰੀ ਏਜੰਟਾਂ ਦੀ ਮੌਤ ਦੀ ਸਜ਼ਾ ਨੂੰ ਰੋਕ ਦਿੱਤਾ ਹੈ। ਸਲਾਹ ਖਸ਼ੋਗੀ ਨੇ ਟਵੀਟ ਕੀਤਾ, "ਅਸੀਂ ਸ਼ਹੀਦ ਜਮਾਲ ਖਾਸ਼ੋਗੀ ਦੇ ਬੇਟੇ ਆਪਣੇ ਪਿਤਾ ਦੇ ਕਾਤਲਾਂ ਨੂੰ ਮੁਆਫ਼ ਕਰਦੇ ਹਾਂ, ਜਿਸ ਦਾ ਇਨਾਮ ਸਾਨੂੰ ਅੱਲ੍ਹਾ ਤੋਂ ਮਿਲੇਗਾ।
ਸਲਾਹ ਖਾਸ਼ੋਗੀ ਸਾਊਦੀ ਅਰਬ ਵਿੱਚ ਰਹਿੰਦਾ ਹੈ ਅਤੇ ਪਿਤਾ ਦੇ ਕਤਲ ਦੇ ਮਾਮਲੇ ਵਿੱਚ ਸ਼ਾਹੀ ਅਦਾਲਤ ਤੋਂ ਵਿੱਤੀ ਮੁਆਵਜ਼ਾ ਵੀ ਮਿਲ ਚੁੱਕਾ ਹੈ। ਅਰਬ ਨਿਊਜ਼ ਨੇ ਖ਼ਸ਼ੋਗੀ ਦੇ ਪੁੱਤਰਾਂ ਦੇ ਐਲਾਨ ‘ਤੇ ਸਪੱਸ਼ਟੀਕਰਨ ਦਿੰਦਿਆਂ ਕਿਹਾ ਕਿ ਪੁੱਤਰਾਂ ਦੇ ਮੁਆਫ਼ ਕਰ ਦੇਣ ਨਾਲ ਕਾਤਲ ਮੌਤ ਦੀ ਸਜ਼ਾ ਨਾਲ ਬਚ ਸਕਦੇ ਹਨ, ਪਰ ਇਸ ਦਾ ਇਹ ਮਤਲਬ ਨਹੀਂ ਕਿ ਉਨ੍ਹਾਂ ਨੂੰ ਕੋਈ ਸਜ਼ਾ ਨਹੀਂ ਮਿਲੇਗੀ।
ਮਹੱਤਵਪੂਰਨ ਗੱਲ ਇਹ ਹੈ ਕਿ ਜਮਾਲ ਖਾਸ਼ੋਗੀ ਦੀ ਇਸਤਾਂਬੁਲ ਵਿੱਚ ਸਾਊਦੀ ਕੌਂਸਲੇਟ ਵਿੱਚ ਹੱਤਿਆ ਕੀਤੀ ਗਈ ਸੀ। ਇਸ ਕਤਲ ਦੀ ਅੰਤਰਰਾਸ਼ਟਰੀ ਪੱਧਰ 'ਤੇ ਨਿੰਦਾ ਕੀਤੀ ਗਈ ਸੀ ਅਤੇ ਇਸ ਮਾਮਲੇ ਵਿੱਚ ਵਲੀ ਅਹਦ ਸ਼ਾਹਜ਼ਾਦਾ ਮੁਹੰਮਦ ਬਿਨ ਸਲਮਾਨ ਦੀ ਭੂਮਿਕਾ ਬਾਰੇ ਸਵਾਲ ਖੜੇ ਕੀਤੇ ਗਏ ਸਨ। ਖਾਸ਼ੋਗੀ ਦੀ ਲਾਸ਼ ਅਜੇ ਤੱਕ ਬਰਾਮਦ ਨਹੀਂ ਹੋਈ ਹੈ।
ਇਸ ਕੇਸ ਵਿੱਚ ਦੋਸ਼ੀ ਠਹਿਰਾਏ ਗਏ 11 ਲੋਕਾਂ ਵਿੱਚੋਂ ਪੰਜ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ, ਤਿੰਨ ਨੂੰ ਕੁੱਲ 24 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਅਤੇ ਬਾਕੀ ਨੂੰ ਬਰੀ ਕਰ ਦਿੱਤਾ ਗਿਆ ਹੈ। ਇਸ ਸਬੰਧ ਵਿੱਚ ਦੋ ਨਾਮਵਰ ਸ਼ਖ਼ਸੀਅਤਾਂ ਨੂੰ ਬਰੀ ਕਰ ਦਿੱਤਾ ਗਿਆ ਸੀ। ਉਨ੍ਹਾਂ ਨੂੰ ਸਲਮਾਨ ਦਾ ਕਰੀਬੀ ਦੱਸਿਆ ਜਾਂਦਾ ਹੈ।