ਯੂਰਪੀਅਨ ਯੂਨੀਅਨ (ਈਯੂ) ਤੋਂ ਅਗਲੇ ਸ਼ੁੱਕਰਵਾਰ (31 ਜਨਵਰੀ) ਨੂੰ ਵੱਖ ਹੋਣ ਤੋਂ ਪਹਿਲਾਂ ਬ੍ਰਿਟਿਸ਼ ਸਰਕਾਰ ਨੇ ਐਤਵਾਰ ਨੂੰ 50-ਪੈਨਸ ਦਾ ਬ੍ਰੈਕਜਿਟ ਯਾਦਗਾਰੀ ਸਿੱਕਾ ਜਾਰੀ ਕੀਤਾ।
ਬ੍ਰਿਟੇਨ ਦੇ ਵਿੱਤ ਮੰਤਰੀ ਸਾਜਿਦ ਜਾਵਿਦ, ਜਿਨ੍ਹਾਂ ਕੋਲ ਬ੍ਰਿਟੇਨ ਦੇ ਟਕਸਾਲ ਦੀ ਵੀ ਜ਼ਿੰਮੇਵਾਰੀ ਹੈ, ਨੇ ਕਿਹਾ ਕਿ ਨਵਾਂ ਸਿੱਕਾ ਦੇਸ਼ ਦੇ ਇਤਿਹਾਸ ਵਿੱਚ ਨਵੇਂ ਅਧਿਆਇ ਸ਼ੁਰੂ ਹੋਣ ਦਾ ਸੰਕੇਤ ਹੈ। ਉਨ੍ਹਾਂ ਨੇ ਬ੍ਰੈਕਜਿਟ ਸਿੱਕਿਆਂ ਦੀ ਪਹਿਲੀ ਖੇਪ ਸੌਂਪੀ ਗਈ। ਉਹ ਇਨ੍ਹਾਂ ਵਿਚੋਂ ਇਕ ਸਿੱਕਾ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੂੰ ਵੀ ਦੇਣਗੇ।
ਜਾਵਿਦ ਨੇ ਕਿਹਾ ਕਿ ਯੂਰਪੀਅਨ ਸੰਘ ਨੂੰ ਛੱਡਣਾ ਇਤਿਹਾਸ ਵਿੱਚ ਅਹਿਮ ਮੋੜ ਹੈ ਅਤੇ ਇਹ ਸਿੱਕਾ ਇਸ ਨਵੇਂ ਅਧਿਆਇ ਦੀ ਸ਼ੁਰੂਆਤ ਦਾ ਸੰਕੇਤ ਦਿੰਦਾ ਹੈ। 50 ਪੈਨਸ ਦੇ ਸਿੱਕੇ ਉੱਤੇ ਸਾਰੇ ਦੇਸ਼ਾਂ ਦੇ ਨਾਲ ਸ਼ਾਂਤੀ, ਖੁਸ਼ਹਾਲੀ ਅਤੇ ਦੋਸਤੀ ਲਿਖਿਆ ਹੈ ਅਤੇ ਯੂਰਪੀਅਨ ਸੰਘ ਤੋਂ ਬ੍ਰਿਟੇਨ ਦੇ ਵੱਖ ਹੋਣ ਦੀ ਤਾਰੀਖ 31 ਜਨਵਰੀ 2020 ਹੈ।
ਧਿਆਨਯੋਗ ਹੈ ਕਿ ਕਰੀਬ 30 ਲੱਖ ਸਿੱਕੇ ਪਹਿਲੀ ਖੇਪ ਵਿੱਚ 31 ਜਨਵਰੀ ਤੋਂ ਬੈਂਕਾਂ, ਡਾਕਘਰਾਂ ਅਤੇ ਦੁਕਾਨਾਂ ਵਿੱਚ ਪਹੁੰਚਣਾ ਸ਼ੁਰੂ ਹੋ ਜਾਣਗੇ ਜਦੋਂ ਕਿ ਹੋਰ 70 ਲੱਖ ਸਿੱਕੇ ਇਸ ਸਾਲ ਦੇ ਅੰਤ ਵਿੱਚ ਲੈਣ ਦੇਣ ਵਿੱਚ ਆਉਣਗੇ।