ਸ੍ਰੀਲੰਕਾ ਵਿਚ ਅਥਾਰਿਟੀ ਨੇ ਈਸਟਰ ਦੇ ਦਿਨ ਹੋਏ ਬੰਬ ਧਮਾਕੇ ਬਾਅਦ ਸ਼ੱਕੀਆਂ ਖਿਲਾਫ ਕਾਰਵਾਈ ਦੇ ਤਹਿਤ ਜਨਤਾ ਲਈ ਤਲਵਾਰ, ਕਟਾਰ, ਧਾਰਦਾਰ ਹਥਿਆਰ ਅਤੇ ਸੈਨਾ ਦੀ ਵਰਦੀ ਨਾਲ ਮਿਲਦੇ ਜੁਲਦੇ ਕੱਪੜੇ ਸੌਪਣ ਲਈ ਸਮਾਂ ਸੀਮਾ ਸੋਮਵਾਰ ਨੂੰ 48 ਘੰਟੇ ਲਈ ਵਧਾ ਦਿੱਤੀ ਹੈ। ਸ਼ਨੀਵਾਰ ਨੂੰ ਸ੍ਰੀਲੰਕਾ ਪੁਲਿਸ ਨੇ ਮਜਸਿਦਾਂ ਅਤੇ ਘਰਾਂ ਦੀ ਤਲਾਸ਼ੀ ਦੌਰਾਨ ਵੱਡੀ ਗਿਣਤੀ ਵਿਚ ਹਥਿਆਰ ਤੇ ਹੋਰ ਇੰਤਰਾਜਯੋਗ ਸਮੱਗਰੀ ਬਰਾਮਦ ਹੋਣ ਬਾਅਦ ਜਨਤਾ ਤੋਂ ਧਾਰਦਾਰ ਹਥਿਆਰ ਨਜ਼ਦੀਕੀ ਪੁਲਿਸ ਥਾਣੇ ਵਿਚ ਜਮ੍ਹਾਂ ਕਰਾਉਣ ਲਈ ਕਿਹਾ ਸੀ।
ਨਿਊਜ਼ ਚੈਨਲ਼ ਨੇ ਕਿਹਾ ਕਿ, ‘ਤਲਵਾਰ, ਕਟਾਰ, ਧਾਰਦਾਰ ਹਥਿਆਰ ਅਤੇ ਫੌਜ ਦੀ ਵਰਦੀ ਨਾਲ ਮਿਲਦੇ ਜੁਲਦੇ ਕੱਪੜਿਆਂ ਨੂੰ ਸੌਪਣ ਲਈ ਸਮਾਂ ਸੀਮਾ 48 ਘੰਟੇ ਵਧਾ ਦਿੱਤੀ ਗਈ ਹੈ। ਅਜਿਹੀ ਸਮੱਗਰੀ ਸੌਪਣ ਲਈ ਨਿਰਧਾਰਤ ਸਮਾਂ ਸੀਮਾ ਅੱਜ (ਸੋਮਵਾਰ) ਅੱਧੀ ਰਾਤ ਨੂੰ ਖਤਮ ਹੋਣ ਵਾਲੀ ਸੀ। ਪੁਲਿਸ ਮੀਡੀਆ ਬੁਲਾਰੇ ਐਸਪੀ ਰੂਵਨ ਗੁਣਸ਼ੇਖਰਾ ਨੇ ਦੱਸਿਆ ਕਿ ਪੁਲਿਸ ਮੁੱਖ ਦਫ਼ਤਰ ਨੇ ਸਮਾਂ ਸੀਮਾ ਵਧਾਏ ਜਾਣ ਸਬੰਧੀ ਦੇਸ਼ਭਰ ਦੇ ਪੁਲਿਸ ਥਾਣਿਆਂ ਨੂੰ ਸੂਚਿਤ ਕਰਨ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਹਨ।
ਪੁਲਿਸ ਅਨੁਸਾਰ 21 ਅਪ੍ਰੈਲ ਨੂੰ ਧਮਾਕੇ ਦੇ ਬਾਅਦ ਸ਼ੱਕੀਆਂ ਅਤੇ ਉਨ੍ਹਾਂ ਦੇ ਨੈਟਵਰਕ ਖਿਲਾਫ ਕਾਰਵਾਈ ਸ਼ੁਰੂ ਹੋਣ ਬਾਅਦ ਆਗੂਆਂ ਸਮੇਤ ਕਈ ਵਿਅਕਤੀਆਂ ਨੂੰ ਤਲਵਾਰ ਵਰਗੇ ਧਾਰਦਾਰ ਹਥਿਆਰ ਰੱਖਣ ਲਈ ਗ੍ਰਿਫਤਾਰ ਕੀਤਾ ਗਿਆ।