ਸ੍ਰੀਲੰਕਾ ਸਰਕਾਰ ਨੇ ਈਸਟਰ ਉਤੇ ਅੱਤਵਾਦੀ ਹਮਲੇ ਕਰਨ ਵਾਲੇ ਨੈਸ਼ਨਲ ਤੌਹੀਦ ਜਮਾਤ (ਐਨਟੀਜੇ) ਸਮੇਤ ਤਿੰਨ ਇਸਲਾਮਿਕ ਕੱਟੜਪੰਥੀ ਸੰਗਠਨਾਂ ਉਤੇ ਪਾਬੰਦੀ ਲਗਾ ਦਿੱਤੀ ਹੈ। ਈਸਟਰ ਉਤੇ ਹੋਏ ਧਮਾਕਿਆਂ ਵਿਚ 250 ਤੋਂ ਜ਼ਿਆਦਾ ਲੋਕ ਮਾਰੇ ਗਏ ਸਨ ਅਤੇ ਇਹ ਦੇਸ਼ ਦੇ ਇਤਿਹਾਸ ਵਿਚ ਸਭ ਤੋਂ ਵੱਡਾ ਹਮਲਿਆਂ ਵਿਚੋਂ ਇਕ ਸੀ। ਰਾਸ਼ਟਰਪਤੀ ਮੈਤਰੀਪਾਲਾ ਸਿਰੀਸੇਨਾ ਨੇ ਸੋਮਵਾਰ ਨੂੰ ਕਈ ਕੱਟੜਪੰਥੀ ਸੰਗਠਨਾਂ ਉਤੇ ਪਾਬੰਦੀ ਲਗਾਉਣ ਦੇ ਹੁਕਮ ਵਾਲਾ ਅਸਾਧਾਰਣ ਗਜਟ ਜਾਰੀ ਕੀਤਾ ਹੈ। ਉਨ੍ਹਾਂ ਅਗਲੇ ਨੋਟਿਸ ਤੱਕ ਦੇਸ਼ ਵਿਚ ਡ੍ਰੋਨ ਦੀ ਵਰਤੋਂ ਉਤੇ ਵੀ ਰੋਕ ਲਗਾ ਦਿੱਤੀ ਹੈ।
ਗਜਟ ਅਨੁਸਾਰ, ਨੈਸ਼ਨਲ ਤੌਹੀਦ ਜਮਾਤ (ਐਨਟੀਜੇ), ਜਮਾਤੇ ਮਿਲਾਅਤੇ ਇਬ੍ਰਾਹਿਮ (ਜੇਐਮਆਈ) ਅਤੇ ਵਿਲਾਅਤ ਅਸ ਸੇਅਲਾਨੀ (ਡਬਲਿਊਏਐਸ) ਸੰਗਠਨਾਂ ਉਤੇ ਪਾਬੰਦੀ ਲਗਾਈ ਹੈ। ਜ਼ਿਕਰਯੋਗ ਹੈ ਕਿ 21 ਅਪ੍ਰੈਲ ਨੂੰ ਇਕ ਮਹਿਲਾ ਸਮੇਤ ਨੌ ਆਤਮਘਾਤੀ ਹਮਲਾਵਰਾਂ ਨੇ ਤਿੰਨ ਗਿਰਜਾਘਰਾਂ ਅਤੇ ਕਈ ਲਗਜਰੀ ਹੋਟਲਾਂ ਵਿਚ ਧਮਾਕੇ ਕੀਤੇ ਜਿਸ ਵਿਚ 44 ਵਿਦੇਸ਼ੀਆਂ ਸਮੇਤ 258 ਲੋਕਾਂ ਦੀ ਮੌਤ ਹੋ ਗਈ ਅਤੇ 500 ਹੋਰ ਜ਼ਖਮੀ ਹੋ ਗਏ ਸਨ।