ਇਸ ਵੇਲੇ ਜਦੋਂ ਭਾਰਤ `ਚ ਸੋਸ਼ਲ ਮੀਡੀਆ ਦੀਆਂ ਤਸਵੀਰਾਂ ਤੇ ਵਿਡੀਓਜ਼ ਤੋਂ ਭੜਕ ਕੇ ਵੱਡੀਆਂ ਭੀੜਾਂ ਵੱਲੋਂ ਕਿਸੇ ਨਾ ਕਿਸੇ ਵਿਅਕਤੀ ਨੂੰ ਕਿਸੇ ਵੀ ਬਹਾਨੇ ਫੜ ਕੇ ਕੁੱਟ-ਕੁੱਟ ਕੇ ਜਾਨੋਂ ਮਾਰਿਆ ਜਾ ਰਿਹਾ ਹੈ; ਅਜਿਹੇ ਵੇਲੇ ਅਮਰੀਕਾ `ਚ ਭਾਰਤੀ ਮੂਲ ਦਾ ਇੱਕ ਖੋਜਕਾਰ ਇਸੇ ਵਿਸ਼ੇ `ਤੇ ਇੱਕ ਅਹਿਮ ਖੋਜ ਕਰ ਰਿਹਾ ਹੈ। ਉਹ ਅਮਰੀਕੀ ਸੂਬੇ ਸਾਊਥ ਕੈਰੋਲਾਇਨਾ ਦੀ ਕਲੈਮਸਨ ਯੂਨੀਵਰਸਿਟੀ ਵਿੱਚ ਇੰਡਸਟ੍ਰੀਅਲ ਇੰਜੀਨੀਅਰਿੰਗ ਵਿਸ਼ੇ ਦਾ ਅਸਿਸਟੈਂਟ ਪ੍ਰੋਫ਼ੈਸਰ ਕਪਿਲ ਚਲੀਲ ਮੈਡਾਥਿਲ ਹੈ; ਜੋ ਆਪਣੀ ਖੋਜਕਾਰਾਂ ਦੀ ਟੀਮ ਨਾਲ ਫ਼ੇਸਬੁੱਕ, ਇੰਸਟਾਗ੍ਰਾਮ, ਰੈਡਿਟ, ਟਵਿਟਰ ਤੇ ਯੂ-ਟਿਊਬ ਦੀਆਂ ਵਿਡੀਓਜ਼ ਤੇ ਅਜਿਹੀ ਹੋਰ ਸਮੱਗਰੀ ਦਾ ਗਹਿਨ-ਗੰਭੀਰ ਅਧਿਐਨ ਕਰ ਕੇ ਇਨ੍ਹਾਂ ਵਿਡੀਓਜ਼ ਕਾਰਨ ਹੋਣ ਵਾਲੀਆਂ ਮੌਤਾਂ ਰੋਕਣ ਦੇ ਉਪਾਅ ਤੇ ਸੁਝਾਅ ਦੱਸੇਗਾ। ਬਹੁਤ ਸਾਰੇ ਨੌਜਵਾਨਾਂ ਦੇ ਅਕਸਰ ਅਜਿਹੀਆਂ ਵਿਡੀਓਜ਼ ਵੇਖ ਕੇ ਖ਼ੁਦਕੁਸ਼ੀ ਕਰਨ ਦੀਆਂ ਖ਼ਬਰਾਂ ਵੀ ਹੁਣ ਆਮ ਹੋ ਗਈਆਂ ਹਨ। ਇੰਝ ਪ੍ਰੋਂ ਕਪਿਲ ਵਾਇਰਲ ਵਿਡੀਓਜ਼ ਦੇ ਖ਼ਤਰਿਆਂ ਦਾ ਅਧਿਐਨ ਕਰ ਕੇ ਉਨ੍ਹਾਂ ਦਾ ਹੱਲ ਵੀ ਸੁਝਾਉਣਗੇ।
‘ਨਿਊਜ਼ ਇੰਡੀਆ` ਦੀ ਇੱਕ ਰਿਪੋਰਟ ਅਨੁਸਾਰ ਇਸ ਖੋਜ-ਅਧਿਐਨ ਦੌਰਾਨ 13 ਸਾਲ ਤੋਂ ਲੈ ਕੇ 25 ਸਾਲ ਤੱਕ ਦੀ ਉਮਰ ਦੇ ਅਜਿਹੇ ਬੱਚਿਆਂ ਤੇ ਨੌਜਵਾਨਾਂ ਨਾਲ ਵੀ ਗੱਲਬਾਤ ਕੀਤੀ ਜਾਵੇਗੀ, ਜਿਨ੍ਹਾਂ ਨੇ ਪਹਿਲਾਂ ਕਦੇ ਅਜਿਹੀਆਂ ਵਿਡੀਓਜ਼ ਤੋਂ ਪ੍ਰਭਾਵਿਤ ਹੋ ਕੇ ਆਪਣੇ-ਆਪ ਨੂੰ ਨੁਕਸਾਨ ਪਹੁੰਚਾਉਣ ਦਾ ਜਤਨ ਕੀਤਾ ਸੀ।
ਇੱਕ ਪ੍ਰੈੱਸ ਬਿਆਨ ਅਨੁਸਾਰ ਇਸ ਪ੍ਰੋਜੈਕਟ ਲਈ ਫ਼ੰਡ ਅਮਰੀਕਾ ਦੀ ਨੈਸ਼ਨਲ ਸਾਇੰਸ ਫ਼ਾਊਂਡੇਸ਼ਨ ਵੱਲੋਂ ਮੁਹੱਈਆ ਕਰਵਾਏ ਜਾਣਗੇ।
ਵਾਇਰਲ ਵਿਡੀਓਜ਼ ਵੇਖ ਕੇ ਬਹੁਤ ਵਾਰ ਨੌਜਵਾਨ ਬਿਨਾ ਮਤਲਬ ਉਤਸ਼ਾਹਿਤ ਹੋ ਜਾਂਦੇ ਹਨ ਅਤੇ ਕਦੇ ਕਿਸੇ ਦੇ ਸਾਬਣ ਜਾਂ ਕੱਪੜੇ ਧੋਣ ਵਾਲਾ ਡਿਟਰਜੈਂਟ ਖਾਣ, ਖ਼ੁਦ ਨੂੰ ਅੱਗ ਲਾਉਣ ਤੇ 48 ਘੰਟਿਆਂ ਤੱਕ ਜਾਗਣ ਅਤੇ ਹੋਰ ਅਜਿਹੀਆਂ ਊਟਪਟਾਂਗ ਹਰਕਤਾਂ ਕਰਨ ਦੀਆਂ ਖ਼ਬਰਾਂ ਅਕਸਰ ਸੁਣਨ ਤੇ ਵੇਖਣ ਨੂੰ ਮਿਲ ਜਾਂਦੀਆਂ ਹਨ।
ਇਹ ਨਿਸ਼ਚਤ ਤੌਰ `ਤੇ ਆਪਣੀ ਕਿਸਮ ਦੀ ਪਹਿਲੀ ਤੇ ਉਪਯੋਗੀ ਆਧੁਨਿਕ ਖੋਜ ਹੋਵੇਗੀ, ਜਿਸ ਦਾ ਫ਼ਾਇਦਾ ਪੂਰੀ ਦੁਨੀਆ ਨੂੰ ਪੁੱਜੇਗਾ।
ਪਹਿਲੇ ਗੇੜ ਦੌਰਾਨ ਕਲੈਮਸਨ ਯੂਨੀਵਰਸਿਟੀ ਦੇ ਖੋਜਕਾਰ ਭਾਰਤੀ ਸੂਬੇ ਕੇਰਲ ਸਥਿਤ ਅੰਮ੍ਰਿਤ ਵਿਸ਼ਵ ਵਿੱਦਿਆਪੀਠਮ ਸਕੂਲ ਨਾਲ ਤਾਲਮੇਲ ਕਾਇਮ ਕਰ ਕੇ ਕੁਝ ਵਿਡੀਓ ਪੀੜਤਾਂ ਦੇ ਇੰਟਰਵਿਊ ਲੈਣਗੇ।