ਇੱਕ ਆਤਮਘਾਤੀ ਬੰਬਾਰ ਨੇ ਅਫ਼ਗਾ਼ਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਇੱਕ ਵਿਆਹ–ਸਮਾਰੋਹ ਦੌਰਾਨ ਬੰਬ ਧਮਾਕਾ ਕਰ ਕੇ 63 ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਇਹ ਦੁਖਦਾਈ ਘਟਨਾ ਸਨਿੱਚਰਵਾਰ ਰਾਤੀਂ ਵਾਪਰੀ ਹੈ। ਚਸ਼ਮਦੀਦ ਗਵਾਹਾਂ ਅਨੁਸਾਰ ਵਿਆਹ ਦੀ ਰਿਸੈਪਸ਼ਨ ਮੌਕੇ ਮੇਜ਼ਾਂ ਤੇ ਕੁਰਸੀਆਂ ਉੱਤੇ ਹੁਣ ਹਰ ਪਾਸੇ ਖ਼ੂਨ ਹੀ ਖ਼ੂਨ ਵਿਖਾਈ ਦੇ ਰਿਹਾ ਹੈ। ਇਸ ਧਮਾਕੇ ਵਿੱਚ ਬਹੁਤ ਸਾਰੇ ਲੋਕ ਜ਼ਖ਼ਮੀ ਵੀ ਹੋਏ ਹਨ।
ਤਾਲਿਬਾਨ ਨੇ ਕਾਬੁਲ ਦੇ ਇਸ ਬੰਬ ਧਮਾਕੇ ਦੀ ਜ਼ਿੰਮੇਵਾਰੀ ਲੈਣ ਤੋਂ ਇਨਕਾਰ ਕੀਤਾ ਹੈ। ਜਿਸ ਥਾਂ ਇਹ ਬੰਬ ਧਮਾਕਾ ਹੋਇਆ ਹੈ, ਉੱਥੇ ਸ਼ੀਆ ਮੁਸਲਿਮ ਭਾਈਚਾਰੇ ਦੇ ਲੋਕ ਵੱਧ ਰਹਿੰਦੇ ਹਨ। ਧਮਾਕੇ ਸਮੇਂ ਉੱਥੇ ਬਹੁਤ ਜ਼ਿਆਦਾ ਭੀੜ ਸੀ।
ਇਹ ਧਮਾਕਾ ਅਜਿਹੇ ਵੇਲੇ ਹੋਇਆ ਹੈ, ਜਦੋਂ ਤਾਲਿਬਾਨ ਤੇ ਅਮਰੀਕਾ ਵਿਚਾਲੇ ਕਿਸੇ ਸਮਝੌਤੇ ਲਈ ਗੱਲਬਾਤ ਚੱਲ ਰਹੀ ਹੈ। ਤਾਲਿਬਾਨ ਆਗੂ ਇਸ ਗੱਲ ਉੱਤੇ ਅੜੇ ਹੋਏ ਹਨ ਕਿ ਅਫ਼ਗ਼ਾਨਿਸਤਾਨ ਵਿੱਚੋਂ ਅਮਰੀਕਾ ਆਪਣੀਆਂ ਫ਼ੌਜਾਂ ਵਾਪਸ ਬੁਲਾ ਲਵੇ ਤੇ ਉਹ ਅਫ਼ਗ਼ਾਨਿਸਤਾਨ ਦੀ ਜਨਤਾ ਨੂੰ ਮੁਕੰਮਲ ਸੁਰੱਖਿਆ ਮੁਹੱਈਆ ਕਰਵਾਉਣਗੇ ਤੇ ਅਮਰੀਕੀ ਸਰਕਾਰ ਨਾਲ ਸ਼ਾਂਤੀਪੂਰਨ ਗੱਲਬਾਤ ਵੀ ਕਰਨਗੇ।
ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪਾਕਿਸਤਾਨ ਵਿੱਚ ਇੱਕ ਮਸਜਿਦ ਉੱਤੇ ਵੀ ਬੰਬ ਨਾਲ ਹਮਲਾ ਕੀਤਾ ਗਿਆ ਸੀ; ਜਿੱਥੇ ਤਾਲਿਬਾਨ ਆਗੂ ਹੈਬਤਉੱਲ੍ਹਾ ਅਖੰਡਜ਼ਾਦਾ ਦਾ ਭਰਾ ਮਾਰਿਆ ਗਿਆ ਸੀ। ਉਸ ਧਮਾਕੇ ਵਿੱਚ ਚਾਰ ਜਾਨਾਂ ਗਈਆਂ ਸਨ ਤੇ 20 ਦੇ ਕਰੀਬ ਹੋਰ ਫੱਟੜ ਹੋ ਗਏ ਸਨ।