ਅਗਲੀ ਕਹਾਣੀ

ਪਾਕਿਸਤਾਨ `ਚ ਸੁਨੀਤਾ ਪਰਮਾਰ ਨੇ ਰਚਿਆ ਇਤਿਹਾਸ

ਪਾਕਿਸਤਾਨ `ਚ ਸੁਨੀਤਾ ਪਰਮਾਰ ਨੇ ਰਚਿਆ ਇਤਿਹਾਸ

-- ਆਮ ਚੋਣਾਂ ਲੜਨ ਵਾਲੀ ਪਹਿਲੀ ਹਿੰਦੂ ਔਰਤ ਬਣੀ

 

ਪਾਕਿਸਤਾਨ `ਚ ਸੁਨੀਤਾ ਪਰਮਾਰ ਮੇਂਘਵਾਰ ਆਮ ਚੋਣਾਂ ਲੜਨ ਵਾਲੀ ਪਹਿਲੀ ਹਿੰਦੂ ਔਰਤ ਬਣ ਗਈ ਹੈ। ਉਹ ਸਿੰਧ ਸੂਬੇ ਦੇ ਦਾਰਪਾਰਕਰ ਇਲਾਕੇ ਤੋਂ ਚੋਣ ਲੜੇਗੀ। ਇਹ ਇਲਾਕਾ ਕਾਫ਼ੀ ਪੱਛੜਿਆ ਹੋਇਆ ਹੈ ਅਤੇ ਇੱਥੇ ਹਾਲੇ ਵੀ ਜਗੀਰਦਾਰੀ ਪ੍ਰਣਾਲੀ ਲਾਗੂ ਹੈ। ਪਰ ਸੁਨੀਤਾ ਨੇ ਆਪਣੇ ਨਾਮਜ਼ਦਗੀ ਦਸਤਾਵੇਜ਼ ਪੀਐੱਸ-56 ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਦਾਖ਼ਲ ਕੀਤੇ ਹਨ।

ਪਾਕਿਸਤਾਨ ਦੇ ‘ਐਕਸਪ੍ਰੈੱਸ ਟ੍ਰਿਬਿਊਨ` ਨੇ ਜਦੋਂ ਉਸ ਤੋਂ ਇਸ ਬਾਰੇ ਪੁੱਛਿਆ, ਤਾਂ ਉਸ ਨੇ ਜਵਾਬ ਦਿੱਤਾ,‘‘ਦਾਰੀ ਔਰਤਾਂ ਤਾਂ ਸ਼ੇਰ ਨਾਲ ਵੀ ਭਿੜ ਸਕਦੀਆਂ ਹਨ।``

ਪਾਕਿਸਤਾਨ `ਚ ਇਤਿਹਾਸ ਰਚਣ ਵਾਲੀ 30 ਸਾਲਾ ਸੁਨੀਤਾ ਪਰਮਾਰ ਨੇ ਕਿਹਾ ਕਿ ਉਸ ਨੇ ਜਦੋਂ ਵੇਖਿਆ ਕਿ ਪਾਕਿਸਤਾਨ ਪੀਪਲਜ਼ ਪਾਰਟੀ ਸਮੇਤ ਕਿਸੇ ਵੀ ਸਿਆਸੀ ਪਾਰਟੀ ਨੇ ਉਨ੍ਹਾਂ ਦੇ ਸੂਬੇ ਲਈ ਕੁਝ ਨਹੀਂ ਕੀਤਾ ਹੈ, ਇਸੇ ਕਾਰਨ ਉਹ ਹੁਣ ਖ਼ੁਦ ਚੋਣ ਲੜਨ ਲਈ ਮਜਬੂਰ ਹੋਏ ਹਨ। ਉਸ ਨੇ ਕਿਹਾ ਕਿ ਉਨ੍ਹਾਂ ਦੇ ਇਲਾਕੇ `ਚ ਪੀਣ ਵਾਲੇ ਪਾਣੀ, ਸਿਹਤ ਤੇ ਸਿੱਖਿਆ ਸਹੂਲਤਾਂ ਦੀ ਘਾਟ ਜਿਹੀਆਂ ਬਹੁਤ ਸਾਰੀਆਂ ਸਮੱਸਿਆਵਾਂ ਹਨ। ਹੁਣ ਉਸ ਨੇ ਆਮ ਜਨਤਾ ਨੂੰ ਉੱਠ ਖਲੋਣ ਦਾ ਸੱਦਾ ਦਿੱਤਾ ਹੈ।

ਦਾਰਪਾਰਕਰ ਦੇ ਇਸਲਾਮਕੋਟ ਜਿ਼ਲ੍ਹੇ ਦੇ ਪਿੰਡ ਮੇਮਨ ਜੋ ਤਾਰ ਦੀ ਜੰਮਪਲ਼ ਸੁਨੀਤਾ ਪਰਮਾਰ ਨੇ ਇਹ ਵੀ ਦਾਅਵਾ ਕੀਤਾ ਕਿ ਸਾਲ 2013 ਤੱਕ ਉਨ੍ਹਾਂ ਦਾ ਇਲਾਕਾ ਅਰਬਾਬ ਕਬੀਲੇ ਦੇ ਅਧੀਨ ਸੀ, ਜੋ ਔਰਤਾਂ ਨੂੰ ਮਾਮੂਲੀ ਚੀਜ਼ ਸਮਠਦੇ ਹਨ। ‘ਪਿਛਲੀਆਂ ਚੋਣਾਂ `ਚ ਭਾਵੇਂ ਪਾਕਿਸਤਾਨ ਪੀਪਲਜ਼ ਪਾਰਟੀ ਦੇ ਉਮੀਦਵਾਰ ਮਹਾਰਾਜ ਮਹੇਸ਼ ਮਲਾਨੀ ਜਿੱਤੇ ਸਨ ਪਰ ਉਨ੍ਹਾਂ ਨੇ ਸਥਾਨਕ ਲੋਕਾਂ ਦੇ ਦੁੱਖ-ਦਰਦ ਤੇ ਸਮੱਸਿਆਵਾਂ ਜਾਣਨ ਲਈ ਕਦੇ ਇਸ ਇਲਾਕੇ ਦਾ ਦੌਰਾ ਨਹੀਂ ਕੀਤਾ।`

ਤਿੰਨ ਬੱਚਿਆਂ ਦੀ ਮਾਂ ਸੁਨੀਤਾ ਪਰਮਾਰ ਨੂੰ ਆਪਣੇ ਪਰਿਵਾਰ ਤੇ ਮੇਂਘਾਵਾਰ ਭਾਈਚਾਰੇ ਤੋਂ ਭਾਰੀ ਹਮਾਇਤ ਮਿਲ ਰਹੀ ਹੈ। ਉਸ ਦੇ ਇਲਾਕੇ ਵਿੱਚ ਠਾਕੁਰ, ਮਹਾਰਾਜ ਅਤੇ ਅਰਬਾਬ ਜਿਹੇ ਜਗੀਰੂ ਕਬੀਲਿਆਂ ਤੇ ਸਰਦਾਰਾਂ ਦਾ ਵਧੇਰੇ ਜ਼ੋਰ ਹੈ।

ਸੁਨੀਤਾ ਪਰਮਾਰ ਨੇ ਦੱਸਿਆ ਕਿ ਦਾਰ ਵਿੱਚ ਇੱਕੋ-ਇੱਕ ਮੁੱਖ ਸੜਕ ਐਂਗਰੋ ਨੇ ਦਾਰ ਦੇ ਕੋਲ਼ਾ ਪਲਾਂਟ ਵਾਸਤੇ ਤਿਆਰ ਕਰਵਾਈ ਸੀ। ਉਨ੍ਹਾਂ ਦੇ ਇਲਾਕੇ ਵਿੱਚ ਆਵਾਜਾਈ ਦਾ ਸਭ ਤੋਂ ਵਧੀਆ ਸਾਧਨ ਸਿਰਫ਼ ਗਧੇ ਹਨ। ਲੋਕਾਂ ਨੂੰ ਖ਼ੁਦ ਆਉਣ-ਜਾਣ ਤੇ ਆਪਣਾ ਸਾਮਾਨ ਇੱਧਰ-ਉੱਧਰ ਲਿਆਉਣ-ਲਿਜਾਣ ਲਈ ਗਧਿਆਂ `ਤੇ ਹੀ ਨਿਰਭਰਰ ਰਹਿਣਾ ਪੈਂਦਾ ਹੈ।

ਸੁਨੀਤਾ ਪਰਮਾਰ ਨੇ ਸਿੰਧ ਦੇ ਸਾਬਕਾ ਮੁੱਖ ਮੰਤਰੀ ਅਰਬਾਬ ਗ਼ੁਲਾਮ ਰਹੀਮ ਵੱਲੋਂ ਪਹਿਲਾਂ ਔਰਤਾਂ ਬਾਰੇ ਕੀਤੀ ਇੱਕ ਅਪਮਾਨਜਨਕ ਟਿੱਪਣੀ ਦਾ ਜਿ਼ਕਰ ਕਰਦਿਆਂ ਦੱਸਿਆ ਕਿ ਗ਼ੁਲਾਮ ਰਹੀਮ ਨੇ ਕਿਹਾ ਸੀ ਕਿ ਔਰਤਾਂ ਕਮਜ਼ੋਰ ਹੁੰਦੀਆਂ ਹਨ ਕਿਉਂਕਿ ਉਹ ਛਿਪਕਲੀਆਂ ਤੋਂ ਡਰਦੀਆਂ ਹਨ। ਸੁਨੀਤਾ ਪਰਮਾਰ ਨੇ ਬੇਹੱਦ ਦ੍ਰਿੜ੍ਹਤਾਪੂਰਬਕ ਕਿਹਾ ਕਿ ਹੁਣ ਉਹ ਦਿਨ ਚਲੇ ਗਏ ਹਨ, ਜਦੋਂ ਦਾਰ ਦੀਆਂ ਔਰਤਾਂ ਨੂੰ ਕਮਜ਼ੋਰ ਸਮਝਿਆ ਜਾਂਦਾ ਸੀ, ਹੁਣ ਉਹ ਪੁਰਾਣੇ ਦਿਨ ਨਹੀਂ ਰਹੇ। ਔਰਤਾਂ ਹੁਣ ਸਮਾਜ ਵਿੱਚ ਬਰਾਬਰ ਦਾ ਯੋਗਦਾਨ ਪਾਉਂਦੀਆਂ ਹਨ।

ਇੱਥੇ ਵਰਨਣਯੋਗ  ਹੈ ਕਿ ਇਸ ਹਲਕੇ ਦਾ 70 ਫ਼ੀ ਸਦੀ ਵੋਟ ਬੈਂਕ ਮੇਂਘਵਾਰ, ਭੀਲ ਤੇ ਕੋਹਲੀ ਭਾਈਚਾਰਿਆਂ ਨਾਲ ਸਬੰਧਤ ਹੈ। ਹਾਲੇ ਤੱਕ ਕਿਸੇ ਨੇ ਵੀ ਜਗੀਰੂ ਚੋਣ ਪ੍ਰਣਾਲੀ ਨੂੰ ਚੁਣੌਤੀ ਦੀ ਜੁੱਰਅਤ ਨਹੀਂ ਕੀਤੀ।    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Sunita made history in Pakistan