ਹਿੰਦੂ ਪੁਜਾਰੀ ਸਵਾਮੀ ਹਰੀਸ਼ ਚੰਦਰ ਪੁਰੀ ਉੱਤੇ ਨਿਊ ਯਾਰਕ ਦੇ ਇੱਕ ਮੰਦਰ ਨੇੜੇ ਹਮਲਾ ਹੋਣ ਦੀ ਖ਼ਬਰ ਮਿਲੀ ਹੈ। ਇਹ ਹਮਲਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਉਸ ਟਵੀਟ ਤੋਂ ਪੈਦਾ ਹੋਈ ਭੜਕਾਹਟ ਦਾ ਨਤੀਜਾ ਦੱਸਿਆ ਤੇ ਮੰਨਿਆ ਜਾ ਰਿਹਾ ਹੈ; ਜਿਸ ਵਿੱਚ ਉਨ੍ਹਾਂ ਆਖਿਆ ਸੀ ਕਿ ‘ਹੋਰਨਾਂ ਦੇਸ਼ਾਂ ਤੋਂ ਆਏ ਲੋਕ ਆਪੋ–ਆਪਣੇ ਦੇਸ਼ਾਂ ਨੂੰ ਪਰਤ ਜਾਣ।’
ਜਿਸ ਵੇਲੇ ਨਿਊ ਯਾਰਕ ਦੇ ਫ਼ਲੋਰਲ ਪਾਰਕ ਨੇੜੇ ਸ੍ਰੀ ਪੁਰੀ ਉੱਤੇ ਹਮਲਾ ਹੋਇਆ, ਉਸ ਵੇਲੇ ਉਹ ਆਪਣੇ ਭਗਵੇਂ ਕੱਪੜਿਆਂ (ਚੋਗੇ) ਵਿੱਚ ਸਨ। ਹਮਲਾਵਰ ਦੀ ਉਮਰ 52 ਸਾਲ ਦੀ ਦੱਸੀ ਜਾਂਦੀ ਹੈ।
ਖ਼ੁਦ ਸਵਾਮੀ ਹਰੀਸ਼ ਚੰਦਰ ਪੁਰੀ ਹੁਰਾਂ ਦੱਸਿਆ ਕਿ ਵੀਰਵਾਰ 18 ਜੁਲਾਈ ਨੂੰ ਸਥਾਨਕ ਸਮੇਂ ਮੁਤਾਬਕ ਸਵੇਰੇ 11 ਵਜੇ ਗਲੇਨ ਓਕਸ ਵਿਖੇ ਸ਼ਿਵ ਸ਼ਕਤੀ ਪੀਠ ਲਾਗੇ ਜਦੋਂ ਉਹ ਤੁਰੇ ਜਾ ਰਹੇ ਸਨ; ਤਦ ਇੱਕ ਵਿਅਕਤੀ ਨੇ ਉਨ੍ਹਾਂ ਦੇ ਪਿੱਛਿਓਂ ਆ ਕੇ ਘਸੁੰਨ ਜੜਨੇ ਸ਼ੁਰੂ ਕਰ ਦਿੱਤੇ।
ਸਥਾਨਕ ‘ਪਿਕਸ 11’ (PIX 11) ਨਾਂਅ ਦੇ ਇੱਕ ਨਿਊਜ਼ ਚੈਨਲ ਨੇ ਇਸ ਬਾਰੇ ਖ਼ਬਰ ਵੀ ਪ੍ਰਸਾਰਿਤ ਕੀਤੀ ਹੈ। ਚੈਨਲ ਮੁਤਾਬਕ ਸਵਾਮੀ ਪੁਰੀ ਨਾਲ ਬਹੁਤ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਤੇ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਉਣਾ ਪਿਆ।
ਪੁਜਾਰੀ ਸਵਾਮੀ ਪੁਰੀ ਦੇ ਕਾਫ਼ੀ ਸੱਟਾਂ ਲੱਗੀਆਂ ਹਨ। ਉਨ੍ਹਾਂ ਦੇ ਇਸ ਵੇਲੇ ਵੀ ਕਾਫ਼ੀ ਦਰਦ ਹੋ ਰਿਹਾ ਹੈ।
ਪੁਲਿਸ ਨੇ ਸਰਗੀਓ ਗੂਵੇਲਾ ਨਾਂਅ ਦੇ ਇੱਕ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਹਾਲੇ ਪੁਲਿਸ ਇਹ ਜਾਂਚ ਕਰ ਰਹੀ ਹੈ ਕਿ ਕੀ ਇਹ ਮਾਮਲਾ ਨਸਲੀ ਨਫ਼ਰਤ ਦਾ ਹੈ ਕਿ ਨਹੀਂ।
ਇੱਥੇ ਵਰਨਣਯੋਗ ਹੈ ਕਿ ਜਦ ਤੋਂ ਸ੍ਰੀ ਟਰੰਪ ਨੇ ਇਹ ਟਵੀਟ ਕੀਤਾ ਹੈ; ਤਦ ਤੋਂ ਅਮਰੀਕਾ ’ਚ ਪ੍ਰਵਾਸੀਆਂ ਵਿਰੁੱਧ ਨਸਲੀ ਟਿੱਪਣੀਆਂ ਦਾ ਦੌਰ ਜਾਰੀ ਹੈ।
ਉਸ ਟਵੀਟ ’ਚ ਸ੍ਰੀ ਟਰੰਪ ਨੇ ਕਿਹਾ ਸੀ – ‘ਸਾਡਾ ਦੇਸ਼ ਆਜ਼ਾਦ, ਖ਼ੂਬਸੂਰਤ ਤੇ ਬਹੁਤ ਕਾਮਯਾਬ ਹੈ। ਜੇ ਤੁਸੀਂ ਸਾਡੇ ਦੇਸ਼ ਨੂੰ ਨਫ਼ਰਤ ਕਰਦੇ ਹੋ ਜਾਂ ਜੇ ਤੁਸੀਂ ਇੱਥੇ ਖ਼ੁਸ਼ ਨਹੀਂ ਹੋ, ਤਾਂ ਤੁਸੀਂ ਇਹ ਦੇਸ਼ ਛੱਡ ਕੇ ਜਾ ਸਕਦੇ ਹੋ।’