ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਅਫ਼ਗ਼ਾਨ ਸ਼ਾਂਤੀ ਵਾਰਤਾ ਰੱਦ ਕਰਨ ਦੇ ਫ਼ੈਸਲੇ ਤੋਂ ਬਾਅਦ ਤਾਲਿਬਾਨ ਨੇ ਅਮਰੀਕਾ ਨੂੰ ਧਮਕੀ ਦਿੱਤੀ ਹੈ। ਤਾਲਿਬਾਨ ਨੇ ਕਿਹਾ ਹੈ ਕਿ ਇਸ ਨਾਲ ਹੋਰ ਅਮਰੀਕਨਾਂ ਦੀ ਜਾਨ ਜਾਵੇਗੀ।
ਇੱਥੇ ਵਰਨਣਯੋਗ ਹੈ ਕਿ ਟਰੰਪ ਨੇ ਸਨਿੱਚਰਵਾਰ ਨੂੰ ਇਹ ਵਾਰਤਾ ਰੱਦ ਕਰਨ ਦਾ ਫ਼ੈਸਲਾ ਲਿਆ ਸੀ। ਉਨ੍ਹਾਂ ਵੱਲੋਂ ਇਹ ਫ਼ੈਸਲਾ ਕਾਬੁਲ ਕਾਰ ਬੰਬ ਧਮਾਕੇ ਕਾਰਨ ਲਿਆ ਗਿਆ ਸੀ; ਜਿਸ ਦੀ ਜ਼ਿੰਮੇਵਾਰੀ ਤਾਲਿਬਾਨ ਨੇ ਲਈ ਸੀ। ਇਸ ਧਮਾਕੇ ਵਿੱਚ ਇੱਕ ਅਮਰੀਕੀ ਫ਼ੌਜੀ ਸਮੇਤ 12 ਵਿਅਕਤੀਆਂ ਦੀ ਮੌਤ ਹੋ ਗਈ ਸੀ।
ਤਾਲਿਬਾਨ ਦੇ ਮੁੱਖ ਆਗੂ ਤੇ ਅਫ਼ਗ਼ਾਨਿਸਤਾਨ ਦੇ ਰਾਸ਼ਟਰਪਤੀ ਅਸ਼ਰਫ਼ ਗ਼ਨੀ ਵਿਚਾਲੇ ਐਤਵਾਰ ਨੂੰ ਮੀਟਿੰਗ ਹੋਣ ਵਾਲੀ ਸੀ ਪਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਉਹ ਮੀਟਿੰਗ ਰੱਦ ਕਰ ਦਿੱਤੀ ਸੀ; ਜਿਸ ਤੋਂ ਬਾਅਦ ਇਸਲਾਮਿਕ ਸਮੂਹ ਨੇ ਬਿਆਨ ਜਾਰੀ ਕੀਤਾ।
ਤਾਲਿਬਾਨ ਦੇ ਬੁਲਾਰੇ ਜ਼ਬੁੱਲ੍ਹਾ ਮੁਜਾਹਿਦ ਨੇ ਵਾਰਤਾ ਰੱਦ ਕਰਨ ਲਈ ਟਰੰਪ ਦੀ ਆਲੋਚਨਾ ਕੀਤੀ ਤੇ ਕਿਹਾ ਕਿ ਇਸ ਨਾਲ ਅਮਰੀਕਾ ਨੂੰ ਹੋਰ ਨੁਕਸਾਨ ਹੋਵੇਗੀ; ਉਸ ਦੀ ਭਰੋਸੇਯੋਗਤਾ ਪ੍ਰਭਾਵਿਤ ਹੋਵੇਗੀ, ਉਸ ਦਾ ਸ਼ਾਂਤੀ ਵਿਰੋਧੀ ਰਵੱਈਆ ਦੁਨੀਆ ਸਾਹਮਣੇ ਹੋਵੇਗਾ, ਜਾਨ ਮਾਲ ਦਾ ਨੁਕਸਾਨ ਹੋਵੇਗਾ।