ਰੂਸ ਦੇ ਸਾਈਬੇਰੀਆ ’ਚ ਇੱਕ ਅਜੀਬੋ–ਗ਼ਰੀਬ ਮੁਕਾਬਲਾ ਹੋਇਆ। ਇੱਥੇ ਤੁਵਾ ਗਣਰਾਜ ਦੇ ਕਿਸਾਨਾਂ ਵੱਲੋਂ ਆਯੋਜਿਤ ਨਾਡਿਮ ਮੇਲੇ ਵਿੱਚ ਇੱਕ ਜਿਊਂਦੀ ਭੇਡ ਨੂੰ ਮੋਢਿਆਂ ਉੱਤੇ ਲੱਦ ਕੇ ਬੈਠਕਾਂ ਕੱਢਣ ਦਾ ਮੁਕਾਬਲਾ ਰੱਖਿਆ ਗਿਆ।
ਹੈਰਾਨੀ ਦੀ ਗੱਲ ਇਹ ਰਹੀ ਹੈ ਕਿ ਐਤਕੀਂ ਇਹ ਮੁਕਾਬਲਾ ਇੱਕ ਵਿਦੇਸ਼ੀ ਨੌਜਵਾਨ ਨੇ ਜਿੱਤਿਆ। ਪਿਛਲੇ 1,000 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰ ਅਜਿਹਾ ਹੋਇਆ ਹੈ ਕਿ ਕਿਸੇ ਵਿਦੇਸ਼ੀ ਨੌਜਵਾਨ ਨੇ ਇਹ ਮੁਕਾਬਲਾ ਜਿੱਤਿਆ ਹੈ।
ਸਵਿਟਜ਼ਰਲੈਂਡ ਦੇ ਡਾ. ਗਿਨੋ ਕਾਸਪਰੀ ਨੇ 50 ਕਿਲੋਗ੍ਰਾਮ ਦੀ ਭੇਡ ਮੋਢੇ ਉੱਤੇ ਲੱਦ ਕੇ 104 ਬੈਠਕਾਂ ਕੱਢੀਆਂ ਤੇ ਮੁਕਾਬਲਾ ਜਿੱਤ ਲਿਆ।
‘ਡੇਲੀ ਮੇਲ’ ਦੀ ਖ਼ਬਰ ਅਨੁਸਾਰ ਇਨਾਮ ਵਿੱਚ ਕਾਸਪਰੀ ਨੂੰ ਸਰਟੀਫ਼ਿਕੇਟ ਦੇ ਨਾਲ–ਨਾਲ ਉਹੀ ਭੇਡ ਵੀ ਦਿੱਤੀ ਗਈ, ਜਿਸ ਨੂੰ ਚੁੱਕ ਕੇ ਉਸ ਨੇ ਮੁਕਾਬਲਾ ਜਿੱਤਿਆ ਸੀ; ਤਾਂ ਜੋ ਉਹ ਆਪਣੇ ਜੱਦੀ ਸ਼ਹਿਰ ਬੇਰਨ ਲੈ ਕੇ ਜਾਵੇ ਤੇ ਲੋਕਾਂ ਨੂੰ ਵਿਖਾ ਸਕੇ।
ਇਸ ਮੁਕਾਬਲੇ ਵਿੱਚ 30 ਵਿਅਕਤੀਆਂ ਨੇ ਭਾਗ ਲਿਆ ਸੀ। ਇਸ ਦੌਰਾਨ ਬਹੁਤ ਸਾਰੇ ਲੋਕ ਇੱਕ–ਦੂਜੇ ਨੂੰ ਚੁਣੌਤੀ ਦੇ ਰਹੇ ਸਨ। ਅਜਿਹੇ ਸਮੇਂ ਡਾ. ਕਾਸਪਰੀ ਨੇ ਚੁਣੌਤੀ ਪ੍ਰਵਾਨ ਕਰ ਲਈ ਸੀ।