ਅਮਰੀਕਾ 'ਚ ਪੁਲਿਸ ਹਿਰਾਸਤ ਵਿੱਚ ਮਾਰੇ ਗਏ ਗ਼ੈਰ-ਗੋਰੇ ਵਿਅਕਤੀ ਜਾਰਜ ਫ਼ਲਾਇਡ ਨੂੰ ਇਨਸਾਫ਼ ਦਿਵਾਉਣ ਲਈ ਇੱਕ ਹਫ਼ਤੇ ਤੋਂ ਚੱਲ ਰਹੇ ਅੰਦੋਲਨ ਦਾ ਅਸਰ ਵਿਖਾਈ ਦੇਣ ਲੱਗਾ ਹੈ। ਜਾਂਚ ਅਧਿਕਾਰੀਆਂ ਨੇ ਮਿਨੀਪੋਲਿਸ ਪੁਲਿਸ ਦੇ ਉਨ੍ਹਾਂ ਤਿੰਨ ਮੁਲਾਜ਼ਮਾਂ ਨੂੰ ਵੀ ਗ੍ਰਿਫ਼ਤਾਰ ਕਰ ਲਿਆ, ਜੋ ਮੁੱਖ ਮੁਲਜ਼ਮ ਜਾਰਜ ਸ਼ਾਵਿਨ ਵੱਲੋਂ ਫ਼ਲਾਇਡ ਦੀ ਗਰਦਨ ਨੂੰ ਗੋਡੇ ਨਾਲ ਦੱਬੇ ਜਾਣ ਸਮੇਂ ਮੂਕ ਦਰਸ਼ਕ ਬਣ ਕੇ ਖੜੇ ਸਨ।
ਥਾਮਸ ਲੇਨ, ਜੇ ਕੁਏਂਗ ਅਤੇ ਤਾਓ ਥਾਓ ਵਿਰੁੱਧ ਹੱਤਿਆ ਲਈ ਭੜਕਾਉਣ ਅਤੇ ਇਸ ਕੰਮ 'ਚ ਮਦਦ ਕਰਨ ਦੇ ਦੋਸ਼ ਲਗਾਏ ਗਏ ਹਨ। ਇਸ ਦੇ ਨਾਲ ਹੀ ਸ਼ਾਵਿਨ ਵਿਰੁੱਧ ਹੁਣ ਤੀਜੀ ਡਿਗਰੀ ਦੀ ਬਜਾਏ ਦੂਜੀ ਡਿਗਰੀ ਦਾ ਮੁਕੱਦਮਾ ਚਲਾਉਣ ਦਾ ਫ਼ੈਸਲਾ ਕੀਤਾ ਗਿਆ ਹੈ। ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਚਾਰ ਪੁਲਿਸ ਮੁਲਾਜ਼ਮਾਂ ਨੂੰ ਵੱਧ ਤੋਂ ਵੱਧ 40 ਸਾਲ ਕੈਦ ਦੀ ਸਜ਼ਾ ਹੋ ਸਕਦੀ ਹੈ।
ਪੂਰੇ ਦੇਸ਼ ਨੂੰ ਇਨਸਾਫ਼ ਮਿਲੇਗਾ :
ਮਿਨੀਸੋਟਾ ਦੇ ਅਟਾਰਨੀ ਜਨਰਲ ਕੀਥ ਐਲੀਸਨ ਨੇ ਕਿਹਾ, "ਮੈਂ ਦੋਸ਼ੀ ਪੁਲਿਸ ਵਾਲਿਆਂ 'ਤੇ ਦੋਸ਼ ਲਗਾਉਣ ਤੋਂ ਪਹਿਲਾਂ ਸਾਰੇ ਸਬੂਤਾਂ ਦੀ ਨੇੜਿਓਂ ਜਾਂਚ ਕਰਨਾ ਚਾਹੁੰਦਾ ਸੀ। ਮੈਂ ਲੋਕਾਂ ਦਾ ਸ਼ੁਕਰਗੁਜ਼ਾਰ ਹਾਂ ਕਿ ਉਨ੍ਹਾਂ ਨੇ ਇਸ ਕਾਰਜ ਲਈ ਮੈਨੂੰ ਕਾਫ਼ੀ ਸਮਾਂ ਦਿੱਤਾ। ਮੇਰਾ ਮੰਨਣਾ ਹੈ ਕਿ 4 ਪੁਲਿਸ ਮੁਲਾਜ਼ਮਾਂ 'ਤੇ ਲਗਾਏ ਗਏ ਦੋਸ਼ ਨਾ ਸਿਰਫ਼ ਜਾਰਜ ਫਲਾਇਡ ਅਤੇ ਉਸ ਦੇ ਪਰਿਵਾਰ ਨੂੰ ਸਗੋਂ ਪੂਰੇ ਅਫ਼ਰੀਕੀ-ਅਮਰੀਕੀ ਭਾਈਚਾਰੇ ਨੂੰ ਨਿਆਂ ਦੇਵੇਗਾ।"
ਲੜਾਈ ਜਾਰੀ ਰੱਖਣੀ ਪਏਗੀ :
ਐਲੀਸਨ ਨੇ ਕਿਹਾ ਕਿ ਮਾਮਲੇ ਦੀ ਜਾਂਚ ਜਾਰੀ ਹੈ। ਅਸੀਂ ਅਦਾਲਤ ਜਾਣ ਤੋਂ ਪਹਿਲਾਂ ਮਜ਼ਬੂਤ ਕੇਸ ਤਿਆਰ ਕਰਨਾ ਚਾਹੁੰਦੇ ਹਾਂ। ਇਸ 'ਚ ਕੁਝ ਮਹੀਨੇ ਲੱਗ ਸਕਦੇ ਹਨ। ਜਿਨ੍ਹਾਂ ਲੋਕਾਂ ਕੋਲ ਫ਼ਲਾਇਡ ਦੇ ਕਤਲ ਨਾਲ ਸਬੰਧਤ ਸਬੂਤ ਹਨ, ਉਹ ਸਾਡੇ ਨਾਲ ਬੇਝਿਜਕ ਸੰਪਰਕ ਕਰ ਸਕਦੇ ਹਨ। ਅਮਰੀਕੀ ਅਟਾਰਨੀ ਨੇ ਯਾਦ ਦਿਵਾਇਆ ਕਿ ਚਾਰ ਪੁਲਿਸ ਮੁਲਾਜ਼ਮਾਂ 'ਤੇ ਦੋਸ਼ ਲਗਾਉਣ ਦਾ ਮਤਲਬ ਇਹ ਨਹੀਂ ਕਿ ਲੜਾਈ ਖ਼ਤਮ ਹੋ ਗਈ ਹੈ। ਅਜੇ ਪੂਰਾ ਇਨਸਾਫ਼ ਹੋਣਾ ਬਾਕੀ ਹੈ।
ਫ਼ੌਜ ਅਤੇ ਸਮਾਜ ਨੂੰ ਇੱਕ-ਦੂਜੇ ਦੇ ਸਾਹਮਣੇ ਲਿਆ ਰਹੇ ਹਨ ਟਰੰਪ : ਮੈਟਿਸ
ਅਮਰੀਕਾ ਦੇ ਸਾਬਕਾ ਰੱਖਿਆ ਮੰਤਰੀ ਜਿਮ ਮੈਟਿਸ ਨੇ ਵ੍ਹਾਈਟ ਹਾਊਸ ਨੇੜੇ ਰੋਸ ਪ੍ਰਦਰਸ਼ਨਾਂ ਨੂੰ ਦਬਾਉਣ ਲਈ ਫ਼ੌਜ ਦੀ ਵਰਤੋਂ ਲਈ ਟਰੰਪ ਵਿਰੁੱਧ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਟਰੰਪ ਫ਼ੌਜ ਅਤੇ ਸਮਾਜ ਵਿਚਕਾਰ ਟਕਰਾਅ ਪੈਦਾ ਕਰ ਰਹੇ ਹਨ। ਉਹ ਲੋਕਾਂ ਨੂੰ ਇਕਮੁੱਠ ਨਹੀਂ ਵੇਖਣਾ ਚਾਹੁੰਦੇ।
ਕੋਰੋਨਾ ਪਾਜ਼ੀਟਿਵ ਸੀ ਫ਼ਲਾਇਡ :
ਫ਼ਲਾਇਡ ਦੀ ਪੋਸਟਮਾਰਟਮ ਰਿਪੋਰਟ ਤੋਂ ਪਤਾ ਚੱਲਿਆ ਕਿ ਉਹ ਕੋਰੋਨਾ ਨਾਲ ਸੰਕਰਮਿਤ ਸੀ। ਦਰਅਸਲ, ਸਿਹਤ ਵਿਭਾਗ ਵੱਲੋਂ ਮੌਤ ਤੋਂ ਬਾਅਦ ਫ਼ਲਾਇਡ ਦਾ ਸੈਂਪਲ ਲਿਆ ਗਿਆ ਸੀ। ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ, ਪਰ ਉਹ ਕੋਰੋਨਾ ਨਾਲ ਵੀ ਜੂਝ ਰਿਹਾ ਸੀ।