ਭਾਰਤੀ ਮੂਲ ਦੇ ਅਮਰੀਕੀ ਜੱਜ ਅਮੁਲ ਥਾਪਰ ਦਾ ਨਾਂਅ ਉਨ੍ਹਾਂ ਆਖ਼ਰੀ ਤਿੰਨ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਹੈ, ਜਿਨ੍ਹਾਂ `ਚੋਂ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਸੇ ਇੱਕ ਨੂੰ ਸੁਪਰੀਮ ਕੋਰਟ ਦਾ ਜੱਜ ਨਿਯੁਕਤ ਕਰਨਾ ਹੈ।
ਅਮਰੀਕੀ ਸੁਪਰੀਮ ਕੋਰਟ `ਚੋਂ ਦਰਅਸਲ ਜਸਟਿਸ ਐਨਥੋਨੀ ਕੈਨੇਡੀ ਸੋਮਵਾਰ ਨੂੰ ਸੇਵਾ-ਮੁਕਤ ਹੋ ਰਹੇ ਹਨ, ਉਨ੍ਹਾਂ ਦੀ ਥਾਂ ਕਿਸੇ ਨਵੇਂ ਜੱਜ ਦੀ ਨਿਯੁਕਤੀ ਹੋਣੀ ਹੈ। ਉਸ ਲਈ ਅਮੁਲ ਥਾਪਰ ਦਾ ਨਾਂਅ ਬਹੁਤ ਪ੍ਰਮੁੱਖਤਾ ਨਾਲ ਲਿਆ ਜਾ ਰਿਹਾ ਸੀ। ਅਮਰੀਕਾ `ਚ ਰਹਿੰਦੇ ਪ੍ਰਵਾਸੀ ਭਾਰਤੀਆਂ ਨੂੰ ਕਾਫ਼ੀ ਆਸਾਂ ਸਨ ਕਿ ਸ਼ਾਇਦ ਅਮੁਲ ਥਾਪਰ ਸੁਪਰੀਮ ਕੋਰਟ ਲਈ ਜ਼ਰੂਰ ਚੁਣੇ ਜਾਣਗੇ।
ਰਾਸ਼ਟਰਪਤੀ ਡੋਨਾਲਡਡ ਟਰੰਪ ਲਈ 25 ਜੱਜਾਂ ਦੀ ਇੱਕ ਮਾਸਟਰ-ਲਿਸਟ ਤਿਆਰ ਕੀਤੀ ਗਈ ਸੀ, ਜਿਨ੍ਹਾਂ `ਚੋਂ ਉਨ੍ਹਾਂ ਨੇ ਸਿਰਫ਼ ਸੱਤ ਜੱਜਾਂ ਦਾ ਇੰਟਰਵਿਊ ਲਿਆ ਸੀ।
49 ਸਾਲਾ ਅਮੁਲ ਥਾਪਰ ਅਮਰੀਕੀ ਸੂਬੇ ਓਹਾਈਓ ਦੇ ਸਿਨਸਿਨਾਤੀ ਸ਼ਹਿਰ ਦੇ ਵਾਸੀ ਹਨ। ਉਹ ਉਨ੍ਹਾਂ ਪਹਿਲੇ ਚਾਰ ਉਮੀਦਵਾਰਾਂ `ਚ ਸ਼ਾਮਲ ਸਨ, ਜਿਨ੍ਹਾਂ ਦਾ ਇੰਟਰਵਿਊ ਬੀਤੀ 2 ਜੁਲਾਈ ਨੂੰ ਟਰੰਪ ਨੇ ਲਿਆ ਸੀ। ਬਾਕੀ ਦੇ ਤਿੰਨ ਉਮੀਦਵਾਰਾਂ ਦੇ ਇੰਟਰਵਿਊ ਬ੍ਰੈੱਟ ਕਾਵਨੌਗ਼, ਐਮੀ ਕੋਨੀ ਬੈਰੇਟ ਅਤੇ ਰੇਅਮੰਡ ਕੈਥਲੈੱਜ ਨੇ ਲਏ ਸਨ। ਇੱਕ ਦਿਨ ਬਾਅਦ ਟਰੰਪ ਨੇ ਤਿੰਨ ਹੋਰ ਉਮੀਦਵਾਰਾਂ ਦੇ ਇੰਟਰਵਿਊ ਲਏ ਸਨ।