ਅਮਰੀਕਾ ਨੇ ਸਿਹਤ ਬੀਮਾ ਤੇ ਮੈਡੀਕਲ ਸਬੰਧੀ ਆਪਣੇ ਖ਼ਰਚੇ ਨਾ ਝੱਲ ਸਕਣ ਵਾਲੇ ਪ੍ਰਵਾਸੀਆਂ ਨੂੰ ਵੀਜ਼ਾ ਲਾ ਦੇਣ ਦਾ ਫ਼ੈਸਲਾ ਕੀਤਾ ਹੈ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਬਾਰੇ ਇੱਕ ਹੁਕਮ ਉੱਤੇ ਹਸਤਾਖਰ ਵੀ ਕਰ ਦਿੱਤੇ ਹਨ।
ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਦਾ ਅਸਰ ਇੱਕ ਸ਼ਰਨਾਰਥੀ ਵਜੋਂ ਪਨਾਹ ਹਾਸਲ ਕਰਨ ਵਾਲੇ ਕਿਸੇ ਵਿਅਕਤੀ ਉੱਤੇ ਨਹੀਂ ਪਵੇਗਾ। ਇਹ ਨਵਾਂ ਨਿਯਮ ਆਉਂਦੀ ਤਿੰਨ ਨਵੰਬਰ ਤੋਂ ਲਾਗੂ ਹੋ ਜਾਵੇਗਾ।
ਅਮਰੀਕੀ ਵੈੱਬਸਾਈਟ ‘ਵੌਕਸ’ ਦੀ ਰਿਪੋਰਟ ਮੁਤਾਬਕ ਸ੍ਰੀ ਟਰੰਪ ਨੇ ਕਿਹਾ ਹੈ ਕਿ ਅਮਰੀਕਾ ਵਿੱਚ ਉਨ੍ਹਾਂ ਪ੍ਰਵਾਸੀਆਂ ਦਾ ਦਾਖ਼ਲਾ ਮੁਲਤਵੀ ਜਾਂ ਸੀਮਤ ਕਰ ਦਿੱਤਾ ਗਿਆ ਹੈ, ਜਿਹੜੇ ਇੱਥੇ ਆ ਕੇ ਦੇਸ਼ ਦੀ ਸਿਹਤ ਵਿਵਸਥਾ ਉੱਤੇ ਇੱਕ ਬੋਝ ਬਣਦੇ ਹਨ।
ਉਨ੍ਹਾਂ ਕਿਹਾ ਕਿ ਪ੍ਰਵਾਸੀ ਲੋਕ ਤਦ ਤੱਕ ਅਮਰੀਕੀ ਸਿਹਤ ਵਿਵਸਥਾ ਉੱਤੇ ਵਿੱਤੀ ਬੋਝ ਬਣੇ ਰਹਿਣਗੇ, ਜਦੋਂ ਤੱਕ ਕਿ ਅਮਰੀਕਾ ਵਿੱਚ ਉਨ੍ਹਾਂ ਦੇ ਦਾਖ਼ਲ ਹੋਣ ਦੇ 30 ਦਿਨਾਂ ਅੰਦਰ ਉਨ੍ਹਾਂ ਦਾ ਸਿਹਤ ਬੀਮਾ ਨਹੀਂ ਹੋ ਜਾਂਦਾ ਜਾਂ ਦੇਸ਼ ਵਿੱਚ ਮੌਜੂਦਾ ਮੈਡੀਕਲ ਖ਼ਰਚੇ ਝੱਲਣ ਦੇ ਉਹ ਸਮਰੱਥ ਨਹੀਂ ਹੋ ਜਾਂਦੇ।
ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਕਿਹਾ ਕਿ ਅੰਕੜੇ ਦੱਸਦੇ ਹਨ ਕਿ ਕਾਨੂੰਨੀ ਤੌਰ ਉੱਤੇ ਆਉਣ ਵਾਲੇ ਪ੍ਰਵਾਸੀ ਆਮ ਅਮਰੀਕਨਾਂ ਵਾਂਗ ਸਿਹਤ ਬੀਮਾ ਨਹੀਂ ਕਰਵਾਉਂਦੇ। ਉਨ੍ਹਾਂ ਕਿਹਾ ਕਿ ਪ੍ਰਵਾਸੀਆਂ ਦਾ ਬੋਝ ਅਮਰੀਕੀ ਟੈਕਸ–ਦਾਤਿਆਂ ਉੱਤੇ ਨਹੀਂ ਪੈਣਾ ਚਾਹੀਦਾ।