ਅਮਰਿਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਬ੍ਰਿਟੇਨ ਦੌਰੇ ਉਤੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੰਡਨ ਦੀਆਂ ਸੜਕਾਂ ਉਤੇ ਹਜ਼ਾਰਾਂ ਲੋਕ ਟਰੰਪ ਦੇ ਖਿਲਾਫ਼ ਸੜਕਾਂ ਉਤੇ ਉਤਰ ਆਏ। ਟਰੰਪ ਦੀਆਂ ਪ੍ਰਵਾਸੀਆਂ, ਸ਼ਰਨਾਰਥੀਆ ਤੇ ਹੋਰਨਾਂ ਮੁੱਦਿਆਂ ਉਤੇ ਸਖਤ ਨੀਤੀਆਂ ਕਾਰਨ ਬ੍ਰਿਟਿਸ਼ ਨਾਗਰਿਕਾਂ ਵਿਚ ਉਨ੍ਹਾਂ ਖਿਲਾਫ਼ ਕਾਫੀ ਗੁੱਸਾ ਦੇਖਿਆ ਜਾ ਰਿਹਾ।
ਲੰਡਨ ਵਿਚ ਸ਼ੁੱਕਰਵਾਰ ਨੂੰ ਕਰੀਬ ਢਾਈ ਲੱਖ ਲੋਕ ਹੱਥਾਂ ਵਿਚ ਟਰੰਪ ਵਿਰੋਧੀ ਪੋਸਟਰ ਲੈ ਕੇ ਸੜਕਾਂ ਉਤੇ ਉਤਰੇ। ਇਹ ਹੀ ਨਹੀਂ ਟਰੰਪ ਨੂੰ ਸਕਾਟਲੈਂਡ ਯਾਤਰਾ ਉਤੇ ਵੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੋ ਰੋਜ਼ਾ ਦੌਰੇ ਬਾਅਦ ਟਰੰਪ ਅਤੇ ਮੇਲਾਨੀਆ ਸ਼ੁੱਕਰਵਾਰ ਰਾਤ ਨੂੰ ਪੋ੍ਰਸਟਵਿਕ ਹਵਾਈ ਅੱਡੇ ਉਤੇ ਪਹੁੰਚੇ। ਸਕਾਟਲੈਂਡ ਦੀ ਪਹਿਲੀ ਮੰਤਰੀ ਨਿਕੋਲਾ ਸਟ੍ਰਜਨ ਵੀ ਟਰੰਪ ਵਿਰੋਧੀ ਰਹੀ ਹੈ ਅਤੇ ਸ਼ਨੀਵਾਰ ਨੂੰ ਉਨ੍ਹਾਂ ਪ੍ਰਾਈਡ ਗਲਾਸੋ ਮਾਰਚ ਦੀ ਅਗਵਾਈ ਕੀਤੀ। ਟਰੰਪ ਦੇ ਸਕਾਟਲੈਂਡ ਪਹੁੰਚਣ ਤੋਂ ਪਹਿਲਾਂ ਗਲਾਸਗੋ ਵਿਚ ਹਜ਼ਾਰਾਂ ਪ੍ਰਦਰਸ਼ਨਕਾਰੀ ਜਾਰਜ ਸਕਵਾਅਰ ਉਤੇ ਇਕੱਠੇ ਹੋ ਗਏ।
ਟਰੰਪ ਦੇ ਟਰਨਬੇਰੀ ਪਹੁੰਚਣ ਦੇ ਤੁਰੰਤ ਬਾਅਦ ਇਕ ਪਾਵਰ ਪੈਰਾਗਲਾਈਡਰ ਨੂੰ ਟਰੰਪ ਦੇ ਰਿਜਾਰਟ ਦੇ ਕੋਲ ਉਡਦਾ ਦੇਖਿਆ ਗਿਆ। ਟਰੰਪ ਦੇ ਵਿਰੋਧ ਵਿਚ ਸ਼ਨੀਵਾਰ ਨੂੰ ਐਡੀਨਬਰਗ ਵਿਚ ਸਕਾਟਿਸ਼ ਸੰਸਦ ਦੇ ਬਾਹਰ ਰਾਸ਼ਟਰੀ ਵਿਰੋਧ ਪ੍ਰਦਰਸ਼ਨ ਤਹਿਤ ਲੋਕ ਇਕੱਠੇ ਹੋਏ। ਟਰੰਪ ਐਤਵਾਰ ਨੂੰ ਸਕਾਟਲੈਂਡ ਤੋਂ ਰਵਾਨਾ ਹੋਣਗੇ, ਜਿੱਥੋਂ ਉਹ ਫਿਨਲੈਂਡ ਜਾਣਗੇ। ਟਰੰਪ ਫਿਨਲੈਂਡ ਵਿਚ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਮੁਲਾਕਾਤ ਕਰਨਗੇ।