ਅਗਲੀ ਕਹਾਣੀ

ਸਰਬਜੀਤ ਨੂੰ ਲਾਹੌਰ ਜੇਲ੍ਹ `ਚ ਕਤਲ ਕਰਨ ਵਾਲੇ ਦੋ ਮੁੱਖ ਸ਼ੱਕੀ ਮੁਲਜ਼ਮ ਬਰੀ

ਸਰਬਜੀਤ ਨੂੰ ਲਾਹੌਰ ਜੇਲ੍ਹ `ਚ ਕਤਲ ਕਰਨ ਵਾਲੇ ਦੋ ਮੁੱਖ ਸ਼ੱਕੀ ਮੁਲਜ਼ਮ ਬਰੀ

ਪਾਕਿਸਤਾਨ ਦੀ ਇੱਕ ਅਦਾਲਤ ਨੇ ਅੱਜ ਉਨ੍ਹਾਂ ਦੋ ਮੁੱਖ ਸ਼ੱਕੀ ਮੁਲਜ਼ਮਾਂ ਆਮਿਰ ਤਾਂਬਾ ਤੇ ਮੁਦੱਸਰ ਨੂੰ ਬਰੀ ਕਰ ਦਿੱਤਾ, ਜਿਨ੍ਹਾਂ `ਤੇ ਭਾਰਤ ਦੇ ਬਹੁ-ਚਰਚਿਤ ਪੰਜਾਬੀ ਕੈਦੀ ਸਰਬਜੀਤ ਸਿੰਘ ਦਾ ਲਾਹੌਰ ਦੀ ਕੋਟ ਲਖਪਤ ਜੇਲ੍ਹ `ਚ ਸਾਲ 2013 ਦੌਰਾਨ ਕਤਲ ਕਰਨ ਦਾ ਦੋਸ਼ ਸੀ।


ਲਾਹੌਰ ਦੀ ਸੈਸ਼ਨਜ਼ ਅਦਾਲਤ ਨੇ ਅੱਜ ਦੋਵੇਂ ਮੁੱਖ ਸ਼ੱਕੀ ਮੁਲਜ਼ਮਾਂ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ। ਇਹ ਮਾਮਲਾ ਪਿਛਲੇ ਪੰਜ ਵਰ੍ਹਿਆਂ ਤੋਂ ਹੀ ਚੱਲਦਾ ਆ ਰਿਹਾ ਸੀ।


ਲਾਹੌਰ ਦੇ ਐਡੀਸ਼ਨਲ ਜਿ਼ਲ੍ਹਾ ਤੇ ਸੈਸ਼ਨਜ਼ ਜੱਜ ਮੁਹੰਮਦ ਮੋਈਨ ਖੋਖਰ ਨੇ ਮੁੱਖ ਮੁਲਜ਼ਮਾਂ ਆਮਿਰ ਤਾਂਬਾ ਤੇ ਮੁਦੱਸਰ ਨੂੰ ਬਰੀ ਕਰ ਦਿੱਤਾ ਕਿਉਂਕਿ ਉਨ੍ਹਾਂ ਖਿ਼ਲਾਫ਼ ਜਿਹੜੇ ਵੀ ਗਵਾਹ ਪਹਿਲਾਂ ਖੜ੍ਹੇ ਹੋਏ ਸਨ, ਉਹ ਬਾਅਦ `ਚ ਸਾਰੇ ਹੀ ਮੁੱਕਰ ਗਏ।


ਅਦਾਲਤ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਦੋਵੇਂ ਸ਼ੱਕੀ ਮੁਲਜ਼ਮਾਂ ਵਿਰੁੱਧ ਅਦਾਲਤ `ਚ ਇੱਕ ਵੀ ਗਵਾਹ ਨੇ ਆ ਕੇ ਗਵਾਹੀ ਨਹੀਂ ਦਿੱਤੀ। ਇਸੇ ਲਈ ਸਬੂਤਾਂ ਦੀ ਅਣਹੋਂਦ ਕਾਰਨ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ।


ਅਧਿਕਾਰੀ ਨੇ ਦੱਸਿਆ ਕਿ ਦੋਵੇਂ ਸ਼ੱਕੀਆਂ ਨੂੰ ਅਦਾਲਤ `ਚ ਸਿੱਧੇ ਤੌਰ `ਤੇ ਪੇਸ਼ ਨਹੀਂ ਕੀਤਾ ਗਿਆ ਪਰ ਇੱਕ ਵਿਡੀਓ ਲਿੰਕ ਰਾਹੀਂ ਉਹ ਅਦਾਲਤ ਵਿੱਚ ਕੋਟ ਲਖਪਤ ਜੇਲ੍ਹ ਤੋਂ ਹੀ ਵਿਖਾਈ ਵੀ ਦੇ ਰਹੇ ਸਨ। ਅਜਿਹਾ ਸੁਰੱਖਿਆ ਕਾਰਨਾਂ ਕਰਕੇ ਕੀਤਾ ਗਿਆ।


ਆਮਿਰ ਤੇ ਮੁਦੱਸਰ ਦੋਵੇਂ ਪਾਕਿਸਤਾਨੀ ਨਾਗਰਿਕ ਹਨ ਤੇ ਅਦਾਲਤ ਕੋਈ ਹੋਰ ਮਾਮਲਿਆਂ `ਚ ਉਨ੍ਹਾਂ ਨੂੰ ਪਹਿਲਾਂ ਮੌਤ ਦੀ ਸਜ਼ਾ ਸੁਣਾ ਚੁੱਕੀ ਹੈ। ਉਨ੍ਹਾਂ `ਤੇ ਦੋਸ਼ ਸੀ ਕਿ ਉਨ੍ਹਾਂ 49 ਸਾਲਾ ਸਰਬਜੀਤ ਸਿੰਘ `ਤੇ ਜੇਲ੍ਹ `ਚ ਹਮਲਾ ਕੀਤਾ ਸੀ। ਉਸ ਹਮਲੇ `ਚ ਸਰਬਜੀਤ ਸਿੰਘ ਬਹੁਤ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ ਸੀ ਤੇ ਬਾਅਦ `ਚ ਜ਼ਖ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਦਮ ਤੋੜ ਗਿਆ ਸੀ।


ਸਰਬਜੀਤ ਸਿੰਘ ਕਤਲ ਕਾਂਡ ਦੀ ਨਿਆਂਇਕ ਜਾਂਚ ਲਾਹੌਰ ਹਾਈ ਕੋਰਟ ਦੇ ਜਸਟਿਸ ਮਜ਼ਹਰ ਅਲੀ ਅਕਬਰ ਨਕਵੀ ਨੇ ਕੀਤੀ ਸੀ। ਉਨ੍ਹਾਂ ਇਸ ਮਾਮਲੇ `ਚ 40 ਗਵਾਹਾਂ ਦੇ ਬਿਆਨ ਵੀ ਦਰਜ ਕੀਤੇ ਸਨ। ਉਨ੍ਹਾਂ ਆਪਣੀ ਰਿਪੋਰਟ ਸਰਕਾਰ ਨੂੰ ਸੌਂਪ ਦਿੱਤੀ ਸੀ ਪਰ ਉਹ ਰਿਪੋਰਟ ਹਾਲੇ ਤੱਕ ਜੱਗ-ਜ਼ਾਹਿਰ ਨਹੀਂ ਕੀਤੀ ਗਈ। ਇਸ ਇੱਕ ਮੈਂਬਰੀ ਕਮਿਸ਼ਨ ਨੇ ਸਰਬਜੀਤ ਸਿੰਘ ਦੇ ਭਾਰਤ ਰਹਿੰਦੇ ਰਿਸ਼ਤੇਦਾਰਾਂ ਨੂੰ ਵੀ ਸੁਨੇਹਾ ਭੇਜਿਆ ਸੀ ਕਿ ਜੇ ਉਹ ਸਰਬਜੀਤ ਕਤਲ ਕੇਸ ਵਿੱਚ ਆਪਣੇ ਵੱਲੋਂ ਕੋਈ ਸਬੂਤ ਪੇਸ਼ ਕਰਨਾ ਚਾਹੁੰਦੇ ਹਨ, ਤਾਂ ਪੇਸ਼ ਕਰ ਸਕਦੇ ਹਨ। ਪਰ ਪਰਿਵਾਰ ਵੱਲੋਂ ਕਿਸੇ ਨੇ ਅਜਿਹਾ ਕੋਈ ਬਿਆਨ ਦਰਜ ਨਹੀਂ ਕਰਵਾਇਆ ਸੀ।


ਇੱਥੇ ਵਰਨਣਯੋਗ ਹੈ ਕਿ ਆਮਿਰ ਤਾਂਬਾ ਅਤੇ ਮੁਦੱਸਰ ਪਹਿਲਾਂ ਆਪਣੇ ਜੁਰਮ ਦਾ ਇਕਬਾਲ ਜਾਂਚ ਕਮਿਸ਼ਨ ਸਾਹਵੇਂ ਕਰ ਚੁੱਕੇ ਹਨ। ਉਨ੍ਹਾਂ ਤਦ ਇਹੋ ਆਖਿਆ ਸੀ ਕਿ 1990 `ਚ ਲਾਹੌਰ ਤੇ ਫ਼ੈਸਲਾਬਾਦ ਬੰਬ ਧਮਾਕਿਆਂ `ਚ ਬਹੁਤ ਸਾਰੇ ਪਾਕਿਸਤਾਨੀ ਮਾਰੇ ਗਏ ਸਨ (ਜਿਨ੍ਹਾਂ ਲਈ ਸਰਬਜੀਤ ਸਿੰਘ ਨੂੰ ਦੋਸ਼ੀ ਕਰਾਰ ਦੇ ਕੇ ਸਜ਼ਾ-ਏ-ਮੌਤ ਦੇ ਦਿੱਤੀ ਗਈ ਸੀ) ਤੇ ਉਹ ਸਰਬਜੀਤ ਸਿੰਘ ਤੋਂ ਉਨ੍ਹਾਂ ਮੌਤਾਂ ਦਾ ਬਦਲਾ ਲੈਣਾ ਚਾਹੁੰਦੇ ਸਨ, ਇਸੇ ਲਈ ਉਨ੍ਹਾਂ ਨੇ ਉਸ ਨੁੰ ਮਾਰਿਆ ਸੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Two prime suspects acquitted in Sarabjit murder case