ਅਮਰੀਕਾ ਦੇ ਸੂਬੇ ਇੰਡੀਆਨਾ ’ਚ ਦੋ ਪੰਜਾਬੀ ਨੌਜਵਾਨਾਂ ਦੀ ਇੱਕ ਸੜਕ ਹਾਦਸੇ ’ਚ ਮੌਤ ਹੋ ਗਈ ਹੈ। ਇਹ ਦੋਵੇਂ ਇੰਡੀਆਨਾਪੋਲਿਸ ਦੇ ਉੱਪ–ਨਗਰ ਫ਼ਿਸ਼ਰਜ਼ ਸਿਟੀ ਦੇ ਰਹਿਣ ਵਾਲੇ ਸਨ। ਉਨ੍ਹਾਂ ਦੀ ਤੇਜ਼–ਰਫ਼ਤਾਰ ਕਾਰ ਇੱਕ ਰੁੱਖ ਨਾਲ ਟਕਰਾ ਗਈ ਤੇ ਇਹ ਭਾਣਾ ਵਰਤ ਗਿਆ।
ਮ੍ਰਿਤਕ ਨੌਜਵਾਨਾਂ ਦੀ ਸ਼ਨਾਖ਼ਤ 19 ਸਾਲਾ ਵਰੁਣਦੀਪ ਸਿੰਘ ਵੜਿੰਗ ਤੇ 22 ਸਾਲਾ ਦਵਨੀਤ ਸਿੰਘ ਚਾਹਲ ਵਜੋਂ ਹੋਈ। ਇਹ ਹਾਦਸਾ ਬੀਤੇ ਬੁੱਧਵਾਰ ਨੂੰ ਵਾਪਰਿਆ। ਸਥਾਨਕ ਮੀਡੀਆ ਨੇ ਇਸ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ।
ਇਸ ਹਾਦਸੇ ਵਿੱਚ 20 ਸਾਲਾ ਨੌਜਵਾਨ ਗੁਰਜੋਤ ਸਿੰਘ ਸੰਧੂ ਜ਼ਖ਼ਮੀ ਹੋਇਆ ਹੈ ਤੇ ਇਸ ਵੇਲੇ ਉਹ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ।
ਖ਼ਬਰ ਏਜੰਸੀ 13WTHR ਮੁਤਾਬਕ ਇਸ ਹਾਦਸੇ ਦੀ ਜਾਂਚ ਚੱਲ ਰਹੀ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਦਵਨੀਤ ਕਾਰ ਚਲਾ ਰਿਹਾ ਸੀ ਤੇ ਉਸ ਨੇ ਸੀਟ–ਬੈਲਟ ਨਹੀਂ ਲਾਈ ਹੋਈ ਸੀ। ਜਾਂਚ ਅਧਿਕਾਰੀਆਂ ਨੇ ਕਿਹਾ ਕਿ ਉਹ ਇਸ ਹਾਦਸੇ ਨਾਲ ਜੁੜੇ ਸਾਰੇ ਤੱਥਾਂ ਦਾ ਪਤਾ ਲਾ ਲੈਣਗੇ।