ਫ਼ਰਜੀਵਾੜੇ ਅਤੇ ਮਨੀ ਲਾਂਡਰਿੰਗ ਮਾਮਲੇ ਵਿੱਚ ਭਾਰਤ ਹਵਾਲਗੀ ਵਿਰੁਧ ਆਪਣੀ ਲੜਾਈ ਲੜ ਰਹੇ ਹੀਰਾ ਕਾਰੋਬਾਰੀ ਅਤੇ ਭਗੌੜੇ ਨੀਰਵ ਮੋਦੀ ਦੀ ਜ਼ਮਾਨਤ ਪਟੀਸ਼ਨ ਬ੍ਰਿਟੇਨ ਦੀ ਅਦਾਲਤ ਨੇ ਵੀਰਵਾਰ ਨੂੰ ਪੰਜਵੀਂ ਵਾਰ ਰੱਦ ਕਰ ਦਿੱਤੀ। 49 ਸਾਲਾ ਨੀਰਵ ਮੋਦੀ ਨੂੰ ਪਿਛਲੇ ਸਾਲ ਮਾਰਚ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਮਈ ਵਿੱਚ ਉਸ ਵਿਰੁੱਧ ਹਵਾਲਗੀ ਨੂੰ ਲੈ ਕੇ ਟਰਾਇਲ ਸ਼ੁਰੂ ਹੋਵੇਗਾ।
ਨੀਰਵ ਮੋਦੀ ਨੇ ਤਿੰਨ ਵਾਰ ਜ਼ਮਾਨਤ ਦੀ ਕੋਸ਼ਿਸ਼ ਕੀਤੀ ਅਤੇ ਉਸ ਦੀ ਰਿਹਾਈ ਲਈ ਜ਼ਮਾਨਤ ਰਾਸ਼ੀ ਵਜੋਂ 2 ਮਿਲੀਅਨ ਪੌਂਡ ਰਾਸ਼ੀ ਦੇਣ ਦੀ ਪੇਸ਼ਕਸ਼ ਵੀ ਕੀਤੀ ਸੀ। ਆਪਣੀ ਚੌਥੀ ਪਟੀਸ਼ਨ ਵਿੱਚ ਉਸ ਨੇ ਜ਼ਮਾਨਤ ਦੀ ਰਕਮ ਨੂੰ ਦੁੱਗਣਾ ਕਰਕੇ 4 ਮਿਲੀਅਨ ਪੌਂਡ ਕਰ ਦਿੱਤਾ ਸੀ। ਹਾਲਾਂਕਿ, ਉਸ ਦੀ ਬੇਨਤੀ ਨੂੰ ਇਸ ਆਧਾਰ ਤੇ ਰੱਦ ਕਰ ਦਿੱਤਾ ਗਿਆ ਸੀ ਕਿ ਉਹ ਦੇਸ਼ ਛੱਡ ਕੇ ਭੱਜ ਜਾਵੇਗਾ।
ਨੀਰਵ ਮੋਦੀ ਨੂੰ ਪਿਛਲੇ ਸਾਲ ਮਾਰਚ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਦੱਖਣ-ਪੱਛਮੀ ਲੰਦਨ ਦੀ ਵੈਂਡਸਵਰਥ ਜੇਲ੍ਹ ਵਿੱਚ ਰੱਖਿਆ ਗਿਆ ਸੀ।
ਆਪਣੀ ਪੰਜਵੀਂ ਜ਼ਮਾਨਤ ਪਟੀਸ਼ਨ ਵਿੱਚ, ਨੀਰਵ ਮੋਦੀ ਨੇ ਸਖਤ ਸ਼ਰਤਾਂ ਜਿਵੇਂ ਕਿ ਘਰ ਦੀ ਨਜ਼ਰਬੰਦੀ ਅਤੇ 24 ਘੰਟੇ ਨਿਗਰਾਨੀ ਸਮੇਤ ਜ਼ਮਾਨਤ ਦੀ ਮੰਗ ਕੀਤੀ। ਹਾਲਾਂਕਿ, ਇੰਗਲੈਂਡ ਅਤੇ ਵੇਲਜ਼ ਦੀ ਹਾਈ ਕੋਰਟ ਨੇ ਵੀ ਇਸ ਬੇਨਤੀ ਨੂੰ ਰੱਦ ਕਰ ਦਿੱਤਾ ਸੀ।