ਭਾਰਤ ਤੋਂ ਭਗੌੜੇ ਸ਼ਰਾਬ ਦੇ ਕਾਰੋਬਾਰੀ ਵਿਜੇ ਮਾਲਿਆ ਨੂੰ ਲੱਗਦਾ ਹੈ ਕਿ ਜੇ ਉਹ ਭਾਰਤ ਆ ਗਿਆ, ਤਾਂ ਉਸ ਨੂੰ ‘ਬਲੀ ਦਾ ਬੱਕਰਾ’ ਬਣਾ ਦਿੱਤਾ ਜਾਵੇਗਾ। ਵਿਜੇ ਮਾਲਿਆ ਨੇ ਜਸਟਿਸ ਵਿਲੀਅਮ ਡੇਵਿਸ ਦੀ UK ਅਦਾਲਤ ਵਿੱਚ ਇਹ ਦਲੀਲ ਦਿੱਤੀ, ਜਿਸ ਨੂੰ ਅਦਾਲਤ ਨੇ ਮੁੱਢੋਂ ਰੱਦ ਕਰ ਦਿੱਤਾ।
ਇੰਗਲੈਂਡ (UK – United Kingdom) ਦੇ ਗ੍ਰਹਿ ਮੰਤਰੀ ਸਾਜਿਦ ਜਾਵੇਦ ਨੇ ਵੈਸਟਮਿਨਸਟਰ ਮੈਜਿਸਟ੍ਰੇਟ ਦੀ ਅਦਾਲਤ ਦੇ ਫ਼ਰਵਰੀ ਵਿੱਚ ਮਾਲਿਆ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਉੱਤੇ ਹਸਤਾਖਰਾਂ ਤੋਂ ਬਾਅਦ 63 ਸਾਲਾ ਕਾਰੋਬਾਰੀ ਨੇ ਇਸ ਹੁਕਮ ਵਿਰੁੱਧ ਸੁਣਵਾਈ ਨੂੰ ਲੈ ਕੇ ਹਾਈ ਕੋਰਟ ਵਿੱਚ ਅਰਜ਼ੀ ਦਾਖ਼ਲ ਕੀਤੀ ਸੀ। ਵਿਜੇ ਮਾਲਿਆ ਦੀਆਂ ਦਲੀਲਾਂ ਰੱਦ ਹੋਣ ਨਾਲ ਉਸ ਦੀਆਂ ਪਰੇਸ਼ਾਨੀਆਂ ਹੋਰ ਵਧ ਗਈਆਂ ਹਲ।
ਇਸ ਤੋਂ ਇਲਾਵਾ ਇੰਗਲੈਂਡ ਦੀ ਹਾਈ ਕੋਰਟ ਨੇ ਮਾਲਿਆ ਵਿਰੁੱਧ ਕਾਨੂੰਨੀ ਕਾਰਵਾਈ ਲਈ ਉਨ੍ਹਾਂ ਨੂੰ ਭਾਰਤ ਹਵਾਲੇ ਕਰਨ ਦੇ ਬ੍ਰਿਟੇਨ ਸਰਕਾਰ ਦੇ ਹੁਕਮ ਖਿ਼ਲਾਫ਼ ਅਪੀਲ ਦੀ ਮਨਜ਼ੂਰੀ ਦੇਣ ਤੋਂ ਇਨਕਾਰ ਕਰ ਦਿੱਤਾ। ਮਾਲਿਆ ਉੱਤੇ ਭਾਰਤ ਵਿੱਚ 9,000 ਕਰੋੜ ਰੁਪਏ ਦੀ ਧੋਖਾਧੜੀ ਤੇ ਧਨ ਦੇ ਗ਼ੈਰ–ਕਾਨੂੰਨੀ ਲੈਣ–ਦੇਣ ਦੇ ਦੋਸ਼ ਹਨ।
ਜਸਟਿਸ ਵਿਲੀਅਮ ਡੇਵਿਸ ਨੇ ਪੰਜ ਅਪ੍ਰੈਲ,2019 ਨੂੰ ਅਪੀਲ ਦੀ ਮਨਜ਼ੂਰੀ ਲਈ ਅਰਜ਼ੀ ਨਾਮਨਜ਼ੂਰ ਕਰ ਦਿੱਤੀ ਸੀ। ਵਿਜੇ ਮਾਲਿਆ ਦੇ ਮਾਮਲੇ ਵਿੱਚ ਅਪੀਲ ਪ੍ਰਕਿਰਿਆ ਹਾਲੇ ਖ਼ਤਮ ਨਹੀਂ ਹੋਈ।