ਇੰਗਲੈਂਡ ’ਚ ਪ੍ਰਧਾਨ ਮੰਤਰੀ (PM) ਬੋਰਿਸ ਜੌਨਸਨ ਦੀ ਕਨਜ਼ਰਵੇਟਿਵ ਪਾਰਟੀ ਬਹੁਮੱਤ ਦੇ ਨੇੜੇ ਪੁੱਜਦੀ ਵਿਖਾਈ ਦੇ ਰਹੀ ਹੈ। ਇੰਝ ਇੰਗਲੈਂਡ ਚੋਣਾਂ ਤੋਂ ਬਾਅਦ ਬ੍ਰੈਗਜ਼ਿਟ ਵੱਲ ਵਧਦਾ ਵਿਖਾਈ ਦੇ ਰਿਹਾ ਹੈ; ਭਾਵ ਇੰਗਲੈਂਡ ਦਾ ਹੁਣ ਯੂਰੋਪੀਅਨ ਯੂਨੀਅਨ ਤੋਂ ਵੱਖ ਹੋਣਾ ਤੈਅ ਹੈ।
ਐਗਜ਼ਿਟ ਪੋਲਜ਼ (ਚੋਣ ਸਰਵੇਖਣਾਂ) ’ਚ ਲੇਬਰ ਪਾਰਟੀ ਦੀ ਕਰਾਰੀ ਹਾਰ ਦੀ ਭਵਿੱਖਬਾਣੀ ਕੀਤੀ ਗਈ ਹੈ। ਕਨਜ਼ਰਵੇਟਿਵ ਪਾਰਟੀ ਨੂੰ 368 ਅਤੇ ਲੇਬਰ ਪਾਰਟੀ ਨੂੰ 191 ਸੀਟਾਂ ਮਿਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਬਹੁਮੱਤ ਲਈ 326 ਸੀਟਾਂ ਦੀ ਜ਼ਰੂਰਤ ਹੈ। ਅਧਿਕਾਰਤ ਨਤੀਜੇ ਅੱਜ ਸ਼ੁੱਕਰਵਾਰ ਦੇਰ ਰਾਤ ਤੱਕ ਸਪੱਸ਼ਟ ਹੋ ਜਾਣਗੇ।
ਵੀਰਵਾਰ ਰਾਤ ਨੂੰ ਚੋਣਾਂ ਖ਼ਤਮ ਹੋਣ ਦੇ ਠੀਕ ਬਾਅਦ ਜਾਰੀ ਕੀਤੇ ‘ਐਗਜ਼ਿਟ ਪੋਲਜ਼’ ਨਤੀਜਿਆਂ ਮੁਤਾਬਕ ਕਨਜ਼ਰਵੇਟਿਵ ਪਾਰਟੀ 1980 ਦੇ ਦਹਾਕੇ ’ਚ ਮਾਰਗਰੇਟ ਥੈਚਰ ਦੇ ਦੌਰ ਤੋਂ ਬਾਅਦ ਸਭ ਤੋਂ ਵੱਡੀ ਜਿੱਤ ਹਾਸਲ ਕਰ ਸਕਦੀ ਹੈ। ਇਨ੍ਹਾਂ ਸਰਵੇਖਣਾਂ ਮੁਤਾਬਕ ਲੇਬਰ ਪਾਰਟੀ ਲਈ ਨਤੀਜੇ ਬਹੁਤ ਨਿਰਾਸ਼ਾਜਨਕ ਹੋ ਸਕਦੇ ਹਨ ਤੇ ਉਹ 1935 ਤੋਂ ਬਾਅਦ ਸਭ ਤੋਂ ਮਾੜੀ ਹਾਰ ਝੱਲ ਸਕਦੀ ਹੈ।
BBC-ITV-ਸਕਾਈ ਨਿਊਜ਼ ਦੇ ਸਾਂਝੇ ਚੋਣ–ਸਰਵੇਖਣ ਮੁਤਾਬਕ 650 ਮੈਂਬਰਾਂ ਵਾਲੇ ਹਾਊਸ ਆੱਫ਼ ਕਾਮਨਜ਼ ਵਿੱਚ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦੀ ਕਨਜ਼ਰਵੇਟਿਵ ਪਾਰਟੀ ਨੂੰ 368 ਸੀਟਾਂ ਮਿਲ ਸਕਦੀਆਂ ਹਨ, ਜੋ ਬਹੁਮੱਤ ਨਾਲੋਂ 42 ਵੱਧ ਹਨ। ਲੇਬਰ ਪਾਰਟੀ ਨੂੰ 191 ਸੀਟਾਂ ਮਿਲਣ ਦਾ ਅਨੁਮਾਨ ਹੈ।
ਸਾਲ 2017 ਦੀਆਂ ਪਿਛਲੀਆਂ ਚੋਣਾਂ ’ਚ ਕਨਜ਼ਰਵੇਟਿਵ ਪਾਰਟੀ ਨੂੰ 318 ਸੀਟਾਂ ਉੱਤੇ ਜਿੱਤ ਮਿਲੀ ਸੀ; ਜਦ ਕਿ ਲੇਬਰ ਪਾਰਟੀ ਨੂੰ 262 ਸੀਟਾਂ ਮਿਲੀਆਂ ਸਨ।
ਲੇਰ ਪਾਰਟੀ ਨੂੰ ਕਸ਼ਮੀਰ ਉੱਤੇ ਆਪਣੇ ਭਾਰਤ–ਵਿਰੋਧੀ ਸਟੈਂਡ ਦਾ ਵੀ ਨੁਕਸਾਨ ਝੱਲਣਾ ਪਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਵਾਸੀ ਭਾਰਤੀ ਲੇਬਰ ਪਾਰਟੀ ਦੇ ਇਸ ਸਟੈਂਡ ਤੋਂ ਨਾਰਾਜ਼ ਸਨ ਤੇ ਉਨ੍ਹਾਂ ਨੇ ਕਨਜ਼ਰਵੇਟਿਵ ਪਾਰਟੀ ਦਾ ਸਾਥ ਦਿੱਤਾ ਹੈ।