ਇੰਗਲੈਂਡ (UK) ’ਚ ਵੀਰਵਾਰ 12 ਦਸੰਬਰ ਨੂੰ ਹੋਣ ਵਾਲੀਆਂ ਆਮ ਚੋਣਾਂ ਤੋਂ ਪਹਿਲਾਂ ਪ੍ਰਵਾਸੀ ਭਾਰਤੀਆਂ ਨੂੰ ਖ਼ੁਸ਼ ਕਰਨ ਲਈ ਪ੍ਰਧਾਨ ਮੰਤਰੀ (PM) ਬੋਰਿਸ ਜੌਨਸਨ ਆਪਣੀ ਗਰਲ–ਫ਼ਰੈਂਡ ਕੈਰੀ ਸਾਇਮੰਡਜ਼ ਨਾਲ ਇੱਥੋਂ ਦੇ ਇੱਕ ਪ੍ਰਸਿੱਧ ਹਿੰਦੂ ਮੰਦਰ ਦੇ ਦਰਸ਼ਨਾਂ ਲਈ ਪੁੱਜੇ ਤੇ ਨਵਾਂ ਭਾਰਤ ਬਣਾਉਣ ਦੇ ਪ੍ਰਧਾਨ ਮੰਤਰੀ ਮੋਦੀ ਦੇ ਮਿਸ਼ਨ ਵਿੱਚ ਉਨ੍ਹਾਂ ਨਾਲ ਮਿਲ ਕੇ ਕੰਮ ਕਰਨ ਦਾ ਸੰਕਲਪ ਜ਼ਾਹਿਰ ਕੀਤਾ।
ਗੂੜ੍ਹੇ ਗੁਲਾਬੀ ਰੰਗ ਦੀ ਸਾੜ੍ਹੀ ਵਿੱਚ 31 ਸਾਲਾ ਕੈਰੀ ਸਾਇਮੰਡਜ਼ ਨੇ ਸਨਿੱਚਰਵਾਰ ਨੂੰ 55 ਸਾਲਾ ਜੌਨਸਨ ਨਾਲ ਲੰਦਨ ਦੇ ਉੱਤਰ–ਪੱਛਮੀ ਇਲਾਕੇ ਨੇਸਡੇਨ ’ਚ ਪ੍ਰਸਿੱਧੱ ਸਵਾਮੀਨਾਰਾਇਣ ਮੰਦਰ ਜਾ ਕੇ ਆਪਣੀ ਪਹਿਲੀ ਅਧਿਕਾਰਤ ਮੁਹਿੰਮ ਸ਼ੁਰੂ ਕੀਤੀ।
ਪ੍ਰਧਾਨ ਮੰਤਰੀ ਸ੍ਰੀ ਜੌਨਸਨ ਨੇ ਕਿਹਾ – ‘ਮੈਂ ਜਾਣਦਾ ਹਾਂ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨਵੇਂ ਭਾਰਤ ਦਾ ਨਿਰਮਾਣ ਕਰ ਰਹੇ ਹਨ। ਬ੍ਰਿਟਿਸ਼ ਸਰਕਾਰ ’ਚ ਅਸੀਂ ਇਸ ਜਤਨ ਵਿੱਚ ਉਨ੍ਹਾਂ ਦੀ ਹਮਾਇਤ ਕਰਾਂਗੇ।’ ਸ੍ਰੀ ਜੌਨਸਨ ਦੀ ਸੱਤਾਧਾਰੀ ਕਨਜ਼ਰਵੇਟਿਵ ਪਾਰਟੀ ਚੋਣ ਸਰਵੇਖਣਾਂ ’ਚ ਵਿਰੋਧੀ ਲੇਬਰ ਪਾਰਟੀ ਤੋਂ ਅੱਗੇ ਚੱਲ ਰਹੀ ਹੈ।
ਕਸ਼ਮੀਰ ਦੇ ਮੁੱਦੇ ਉੱਤੇ ਲੇਬਰ ਪਾਰਟੀ ਦੇ ਕਥਿਤ ਭਾਰਤ–ਵਿਰੋਧੀ ਸਟੈਂਡ ਵੱਲੋਂ ਅਸਿੱਧੇ ਤੌਰ ’ਤੇ ਇਸ਼ਾਰਾ ਕਰਦਿਆਂ ਸ੍ਰੀ ਜੌਨਸਨ ਨੇ ਕਿਹਾ ਕਿ – ‘ਇਸ ਦੇਸ਼ ਵਿੱਚ ਕਿਸੇ ਵੀ ਪ੍ਰਕਾਰ ਦੇ ਨਸਲਵਾਦ ਜਾਂ ਭਾਰਤ–ਵਿਰੋਧੀ ਭਾਵਨਾ ਲਈ ਕੋਈ ਜਗ੍ਹਾ ਨਹੀਂ ਹੋ ਸਕਦੀ।’
ਇਸ ਮੌਕੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਤਿਲਕ ਵੀ ਲਾਇਆ ਹੋਇਆ ਸੀ ਤੇ ਗਲ਼ੇ ਵਿੱਚ ਮਾਲਾ ਵੀ ਪਹਿਨੀ ਹੋਈ ਸੀ। ਉਨ੍ਹਾਂ ਕਿਹਾ ਕਿ – ‘ਬ੍ਰਿਟਿਸ਼ ਭਾਰਤੀਆਂ ਨੇ ਪਹਿਲਾਂ ਵੀ ਕਨਜ਼ਰਵੇਟਿਵ ਪਾਰਟੀ ਨੂੰ ਜਿੱਤਣ ਵਿੱਚ ਮਦਦ ਕਰਨ ’ਚ ਭੂਮਿਕਾ ਨਿਭਾਈ ਹੈ। ਜਦੋਂ ਮੈਂ ਨਰਿੰਦਰ (ਮੋਦੀ) ਭਾਈ ਨੂੰ ਇਹ ਕਿਹਾ, ਤਾਂ ਉਹ ਹੱਸਣ ਲੱਗੇ ਅਤੇ ਬੋਲੇ ਭਾਰਤੀ ਸਦਾ ਜਿੱਤਣ ਵਾਲੇ ਦੇ ਨਾਲ ਰਹਿੰਦੇ ਹਨ।’