ਇੰਗਲੈਂਡ ਦੇ ਸਾਊਥਾਲ ’ਚ ਵੱਸਦੇ ਪੰਜਾਬੀ ਨੌਜਵਾਨ ਅਮਿਤਪਾਲ (34) ਦਾ ਥਾਈਲੈਂਡ ਦੇ ਇੱਕ ਹੋਟਲ ਵਿੱਚ ਕਤਲ ਹੋ ਗਿਆ ਹੈ। ਦਰਅਸਲ, ਨਾਲ ਦੇ ਕਮਰੇ ਵਿੱਚ ਠਹਿਰੇ ਕੁਝ ਨੌਜਵਾਨ ਬਹੁਤ ਜ਼ਿਆਦਾ ਰੌਲ਼ਾ ਪਾ ਰਹੇ ਸਨ; ਜਿਸ ਕਾਰਨ ਉਨ੍ਹਾਂ ਦੀ ਪਤਨੀ ਤੇ ਬੱਚੇ ਨੂੰ ਨੀਂਦਰ ਨਹੀਂ ਆ ਰਹੀ ਸੀ। ਇਸੇ ਲਈ ਉਨ੍ਹਾਂ ਜਦੋਂ ਨਾਲ ਦੇ ਕਮਰੇ ਦਾ ਬੂਹਾ ਖੜਕਾ ਕੇ ਆਖਿਆ ਕਿ ਰੌਲ਼ਾ ਨਾ ਪਾਓ, ਤਾਂ ਇੱਕ ਨੌਜਵਾਨ ਨੇ ਉਨ੍ਹਾਂ ਦਾ ਗਲ਼ਾ ਘੁੱਟ ਕੇ ਮਾਰ ਦਿੱਤਾ। ਇਹ ਘਟਨਾ ਥਾਈਲੈਂਡ ਦੇ ਫੁਕੇਟ ਸ਼ਹਿਰ ’ਚ ਵਾਪਰੀ।
ਪਰ ਮੀਡੀਆ ਵਿੱਚ ਇਸ ਕਤਲ ਦੀ ਖ਼ਬਰ ਦਾ ਇੱਕ ਹੋਰ ਪੱਖ ਵੀ ਚੱਲ ਰਿਹਾ ਹੈ – ਅਮਿਤਪਾਲ ਸਿੰਘ ਬਜਾਜ ਦੀ ਪਤਨੀ ਬੰਧਨਾ ਕੌਰ ਬਜਾਜ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪਤੀ ਨੇ ਉਨ੍ਹਾਂ ਦੀ ਤੇ ਆਪਣੇ ਬੱਚੇ ਦੀ ਜਾਨ ਬਚਾਉਣ ਲਈ ਆਪਣੀ ਜਾਨ ਲੇਖੇ ਲਾ ਦਿੱਤੀ ਹੈ।
34 ਸਾਲਾ ਸ੍ਰੀਮਤੀ ਬੰਧਨਾ ਕੌਰ ਨੇ ਦੱਸਿਆ ਕਿ ਇੱਕ ਵਿਅਕਤੀ ਬਾਲਕੋਨੀ ਰਾਹੀਂ ਉਨ੍ਹਾਂ ਦੇ ਕਮਰੇ ਵਿੱਚ ਜ਼ਬਰਦਸਤੀ ਦਾਖ਼ਲ ਹੋਇਆ, ਜੋ ਪੂਰੀ ਤਰ੍ਹਾਂ ਬਿਨਾ ਕੱਪੜਿਆਂ ਦੇ ਸੀ। ਉਸ ਨੇ ਆ ਕੇ ਸ੍ਰੀ ਬਜਾਜ ਦਾ ਗਲ਼ਾ ਘੁੱਟ ਦਿੱਤਾ।
ਸ੍ਰੀਮਤੀ ਬੰਧਨਾ ਕੌਰ ਮੁਤਾਬਕ – ‘ਮੇਰੇ ਪਤੀ ਨੇ ਹਮਲਾਵਰ ਨੂੰ ਵੇਖਦਿਆਂ ਹੀ ਮੈਨੂੰ ਆਖ ਦਿੱਤਾ ਸੀ ਕਿ ਮੈਂ ਆਪਣੇ ਦੋ ਸਾਲਾ ਪੁੱਤਰ ਵੀਰ ਸਿੰਘ ਨੂੰ ਲੈ ਕੇ ਇੱਥੋਂ ਤੁਰੰਤ ਚਲੀ ਜਾਵਾਂ। ਮੈਂ ਤਦ ਤੁਰੰਤ ਬੱਚਾ ਲੈ ਕੇ ਹੋਟਲ ਦੇ ਕਮਰੇ ’ਚੋਂ ਬਾਹਰ ਆ ਗਈ’।
ਸ੍ਰੀਮਤੀ ਬੰਧਨਾ ਕੌਰ ਇੱਕ ਰੁੱਖ ਪਿੱਛੇ ਲੁਕ ਗਏ ਤੇ ਮੋਬਾਇਲ ਰਾਹੀਂ ਉਨ੍ਹਾਂ ਰਿਸੈਪਸ਼ਨ ਉੱਤੇ ਕਾੱਲ ਕੀਤੀ ਤੇ ਸਭ ਕੁਝ ਦੱਸਿਆ।