ਯੂਰੋਪੀਅਨ ਯੂਨੀਅਨ (EU) ਤੋਂ ਇੰਗਲੈਂਡ ਨੂੰ ਵਿਦਾ ਕੀਤੇ ਜਾਣ ਨੂੰ ਯੂਰੋਪੀਅਨ ਸੰਸਦ ਮੈਂਬਰਾਂ ਨੇ ਕੱਲ੍ਹ ਬੁੱਧਵਾਰ ਨੂੰ ਮਨਜ਼ੂਰੀ ਦੇ ਦਿੱਤੀ। ਇਸ ਤੋਂ ਪਹਿਲਾਂ ਹੋਈ ਬਹਿਸ ’ਚ ਇੰਗਲੈਂਡ ਲਈ ਮਿਲੀਆਂ–ਜੁਲੀਆਂ ਟਿੱਪਣੀਆਂ ਕੀਤੀਆਂ ਗਈਆਂ; ਜਿਸ ਵਿੱਚ ਕੁਝ ਨੇ ਦੇਸ਼ ਨੂੰ ਅਗਲੀ ਵਪਾਰ ਵਾਰਤਾ ਦੌਰਾਨ ਬਹੁਤ ਜ਼ਿਆਦਾ ਰਿਆਇਤਾਂ ਨਾ ਮੰਗਣ ਦੀ ਚੇਤਾਵਨੀ ਦਿੱਤੀ।
ਯੂਰੋਪੀਅਨ ਯੂਨੀਅਨ ’ਚ ਬ੍ਰੈਗਜ਼ਿਟ ਸਮਝੌਤੇ ਦੇ ਹੱਕ ਵਿੱਚ 621 ਵੋਟਾਂ ਪਈਆਂ ਤੇ ਵਿਰੋਧ ’ਚ 49 ਵੋਟਾਂ ਪਈਆਂ। ਇਸ ਦੇ ਨਾਲ ਹੀ ਇੰਗਲੈਂਡ ਨੂੰ ਯੂਰੋਪੀਅਨ ਯੂਨੀਅਨ ਤੋਂ ਵਿਦਾ ਕੀਤੇ ਜਾਣ ਨੂੰ ਮਨਜ਼ੂਰੀ ਦੇ ਦਿੱਤੀ ਗਈ। ਇਹ ਬ੍ਰੈਗਜ਼ਿਟ ਸਮਝੌਤਾ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਪਿਛਲੇ ਵਰ੍ਹੇ ਯੂਰੋਪੀਅਨ ਯੂਨੀਅਨ ਦੇ ਹੋਰ 27 ਆਗੂਆਂ ਨਾਲ ਗੱਲਬਾਤ ਕਰ ਕੇ ਕੀਤਾ ਸੀ।
ਇੰਗਲੈਂਡ ’ਚ ਜੂਨ 2016 ਦੌਰਾਨ ਯੂਰੋਪੀਅਨ ਯੂਨੀਅਨ ’ਚੋਂ ਬਾਹਰ ਹੋਣ ਲਈ ਰਾਇਸ਼ੁਮਾਰੀ ਹੋਈ ਸੀ। ਯੂਰੋਪੀਅਨ ਯੂਨੀਅਨ ਦੇ ਦੇਸ਼ ਪਹਿਲਾਂ ਤੋਂ ਹੀ ਇੰਗਲੈਂਡ ਨਾਲ ਨਵੇਂ ਵਪਾਰਕ ਸਮਝੌਤੇ ਬਾਰੇ ਗੱਲਬਾਤ ਦੀ ਸੰਭਾਵਨਾ ਦੀਆਂ ਤਿਆਰੀਆਂ ਕਰ ਰਹੇ ਸਨ।
ਸ਼ੁੱਕਰਵਾਰ 31 ਜਨਵਰੀ ਨੂੰ ਯੂਰੋਪੀਅਨ ਯੂਨੀਅਨ ਤੋਂ ਵੱਖ ਹੋਣ ਪਿੱਛੋਂ ਇੰਗਲੈਂਡ ਇਸ ਵਰ੍ਹੇ ਦੇ ਆਖ਼ਰ ਤੱਕ ਯੂਰੋਪੀਅਨ ਯੂਨੀਅਨ ਦੀ ਆਰਥਿਕ ਵਿਵਸਥਾ ’ਚ ਰਹੇਗਾ ਪਰ ਕਿਸੇ ਨੀਤੀ ਬਾਰੇ ਕੋਈ ਰਾਇ ਨਹੀਂ ਦੇ ਸਕੇਗਾ। ਯੂਰੋਪੀਅਨ ਯੂਨੀਅਨ ਨੂੰ ਛੱਡਣ ਵਾਲਾ ਇੰਗਲੈਂਡ ਪਹਿਲਾ ਦੇਸ਼ ਹੈ।