ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਵੇਂ ਪਹਿਲਾਂ ਕਿਹਾ ਸੀ ਕਿ ਉਹ ਕਸ਼ਮੀਰ ਨੂੰ ਲੈ ਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਗੱਲਬਾਤ ਕਰਨ ਜਾ ਰਹੇ ਹਨ ਪਰ ਉਨ੍ਹਾਂ ਦੀ ਮੀਟਿੰਗ ਨੂੰ ਲੈ ਕੇ ਅਮਰੀਕੀ ਪ੍ਰਸ਼ਾਸਨ ਨੇ ਜਿਹੜਾ ਅਧਿਕਾਰਤ ਬਿਆਨ ਜਾਰੀ ਕੀਤਾ ਹੈ, ਉਸ ਵਿੱਚ ਇਹ ਮੁੱਦਾ ਸ਼ਾਮਲ ਹੀ ਨਹੀਂ ਕੀਤਾ ਗਿਆ।
ਦਾਵੋਸ (ਸਵਿਟਜ਼ਰਲੈਂਡ) ਵਿਖੇ ਮੰਗਲਵਾਰ 21 ਜਨਵਰੀ ਨੂੰ ਹੋਈ ਮੀਟਿੰਗ ਨਾਲ ਸਬੰਧਤ ਬਿਆਨ ਵਿੱਚ ਸਿਰਫ਼ ਖੇਤਰੀ ਮੁੱਦਿਆਂ ਦਾ ਹੀ ਜ਼ਿਕਰ ਕੀਤਾ ਗਿਆਾ ਹੈ। ਤਦ ਕਈ ਮੁੱਦਿਆਂ ਉੱਤੇ ਚਰਚਾ ਕੀਤੀ ਗਈ ਸੀ; ਜਿਨ੍ਹਾਂ ਵਿੱਚ ਅਫ਼ਗ਼ਾਨਿਸਤਾਨ ਮੁੱਖ ਰਿਹਾ ਸੀ; ਜਿੱਥੇ ਅਮਰੀਕਾ ਇਸ ਵੇਲੇ ਤਾਲਿਬਾਨ ਨਾਲ ਸਮਝੌਤੇ ਲਈ ਗੱਲਬਾਤ ਕਰ ਰਿਹਾ ਹੈ।
ਵ੍ਹਾਈਟ ਹਾਊਸ ਵੱਲੋਂ ਜਾਰੀ ਇੱਕ ਬਿਆਨ ਮੁਤਾਬਕ ਆਪਣੀ ਮੀਟਿੰਗ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਕਿਹਾ ਸੀ ਕਿ ਉਹ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਕਸ਼ਮੀਰ ਬਾਰੇ ਤੇ ਭਾਰਤ–ਪਾਕਿ ਸਬੰਧਾਂ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ। ਜੇ ਅਸੀਂ ਮਦਦ ਕਰ ਸਕਦੇ ਹਾਂ, ਤਾਂ ਅਸੀਂ ਯਕੀਨੀ ਤੌਰ ’ਤੇ ਮਦਦ ਕਰਾਂਗੇ। ਅਸੀਂ ਉਸ ਮੁੱਦੇ ’ਤੇ ਬਹੁਤ ਨੇੜਿਓਂ ਨਜ਼ਰ ਰੱਖੀ ਹੋਈ ਹੈ।
ਚੇਤੇ ਰਹੇ ਕਿ ਸ੍ਰੀ ਟਰੰਪ ਕਸ਼ਮੀਰ ਮਾਮਲੇ ’ਤੇ ਜਦੋਂ ਵੀ ਬੋਲਦੇ ਹਨ, ਬਹੁਤ ਸੋਚ–ਸਮਝ ਕੇ ਬੋਲਦੇ ਹਨ। ਐਤਕੀਂ ਉਨ੍ਹਾਂ ਸ਼ਬਦ ਵਰਤਿਆ ਸੀ – ‘ਜੇ ਅਸੀਂ ਮਦਦ ਕਰ ਸਕਦੇ ਹਾਂ…’।
ਇਹ ਸਪੱਸ਼ਟ ਤੌਰ ’ਤੇ ਭਾਰਤ ਦੇ ਕਸ਼ਮੀਰ ਨੂੰ ਲੈ ਕੇ ਤੀਜੀ ਧਿਰ ਦੇ ਵਿਰੋਧ ਕਾਰਨ ਹੈ ਜਾਂ 1972 ਦੇ ਸ਼ਿਮਲਾ ਸਮਝੌਤੇ ਕਾਰਨ; ਜਿਸ ਵਿੱਚ ਦੋ ਦੇਸ਼ਾਂ ਵਿਚਾਲੇ ਕਿਸੇ ਵੀ ਵਿਵਾਦ ਨੂੰ ਦੁਵੱਲੇ ਤੌਰ ਉੱਤੇ ਹੀ ਹੱਲ ਕੀਤੇ ਜਾਣ ਦਾ ਸਮਝੌਤਾ ਹੈ।
ਸ੍ਰੀ ਟਰੰਪ ਨੇ ਪਿਛਲੇ ਵਰ੍ਹੇ ਜੁਲਾਈ ’ਚ ਕੂਟਨੀਤਕ ਤੌਰ ਉੱਤੇ ਹੰਗਾਮਾ ਖੜ੍ਹਾ ਕਰ ਦਿੱਤਾ ਸੀ, ਜਦੋਂ ਉਨ੍ਹਾਂ ਵਾਸ਼ਿੰਗਟਨ ’ਚ ਇਮਰਾਨ ਖ਼ਾਨ ਨਾਲ ਮੀਟਿੰਗ ਤੋਂ ਪਹਿਲਾਂ ਦਾਅਵਾ ਕਰ ਦਿੱਤਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਕਸ਼ਮੀਰ ਮੁੱਦੇ ਉੱਤੇ ਵਿਚੋਲਗੀ ਕਰਨ ਲਈ ਕਿਹਾ ਸੀ।