ਅਮਰੀਕਾ ਵਿੱਚ ਹਵਾਈ ਜਹਾਜ਼ ਬਣਾਉਣ ਵਾਲੀ ਵੱਡੀ ਕੰਪਨੀ ਲੌਕਹੀਡ ਮਾਰਟਿਨ ਨੇ ਕਿਹਾ ਹੈ ਕਿ ਜੇ ਭਾਰਤੀ ਹਵਾਈ ਫ਼ੌਜ ਨਾਲ 114 ਐੱਫ਼–21 ਜੰਗੀ ਹਵਾਈ ਜਹਾਜ਼ ਦਾ ਸਮਝੌਤਾ ਹੋਇਆ, ਤਾਂ ਉਹ ਕਿਸੇ ਹੋਰ ਦੇਸ਼ ਨੂੰ ਇਹ ਜੈੱਟ ਜਹਾਜ਼ ਨਹੀਂ ਵੇਚੇਗੀ। ਦਰਅਸਲ, ਇਸ ਰਾਹੀਂ ਕੰਪਨੀ ਦਾ ਮੰਤਵ ਆਪਣੇ ਅਮਰੀਕੀ, ਯੂਰੋਪੀਅਨ ਤੇ ਰੂਸੀ ਮੁਕਾਬਲੇਬਾਜ਼ਾਂ ਤੋਂ ਅੱਗੇ ਰਹਿਣਾ ਹੈ ਪਰ ਇਸ ਜੰਗੀ ਹਵਾਈ ਜਹਾਜ਼ ਨਾਲ ਭਾਰਤੀ ਸਮੁੰਦਰੀ ਫ਼ੌਜ ਦੀ ਤਾਕਤ ਕਈ ਗੁਣਾ ਵਧ ਜਾਵੇਗੀ।
ਐੱਫ਼–21 ਜੰਗੀ ਹਵਾਈ ਜਹਾਜ਼ ਵਿੱਚ ਐਡਵਾਂਸ ਏਪੀਜੀ–83 ਐਕਵਿਟ ਇਲੈਕਟ੍ਰੌਨਿਕਸ ਸਕੈਨਡ ਅਰੇ (AESA) ਰਾਡਾਰ ਹੈ। ਜੋ ਪਿਛਲੇ ਰਾਡਾਰ ਦੇ ਮੁਕਾਬਲੇ ਵੱਧ ਰੇਂਜ ਤੱਕ ਨਿਗਰਾਨੀ ਕਰ ਸਕਦਾ ਹੈ। ਐੱਫ਼–21 ਰਾਹੀਂ ਘੱਟ ਪੈਟਰੋਲ ਨਾਲ ਜ਼ਿਆਦਾ ਦੂਰੀ ਤਹਿ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਇਸ ਦੀ ਸਮਰੱਥਾ ਵੀ ਜ਼ਿਆਦਾ ਹੈ, ਜਿਸ ਰਾਹੀਂ ਵਜ਼ਨੀ ਹਥਿਆਰਾਂ ਨੂੰ ਵੀ ਇਸ ਰਾਹੀਂ ਲਿਜਾਂਦਾ ਜਾ ਸਕਦਾ ਹੈ।
ਇਹ ਵਧੇਰੇ ਟੀਚਿਆਂ ਨੂੰ ਟ੍ਰੈਕ ਉੱਤੇ ਉਨ੍ਹਾਂ ਉੱਪਰ ਹਮਲਾ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਵਿੱਚ ਐਡਵਾਂਸ ਇਲੈਕਟ੍ਰੌਨਿਕ ਵਾਰਫ਼ੇਅਰ ਸਿਸਟਮ ਵੀ ਸ਼ਾਮਲ ਹੈ। ਵਿਵੇਕ ਲਾਲ ਨੇ ਦੱਸਿਆ ਕਿ ਐੱਫ਼–21 ਨੂੰ ਭਾਰਤੀ ਫ਼ੌਜ ਅਨੁਸਾਰ ਆਧੁਨਿਕ ਤੇ ਕਾਫ਼ੀ ਉਚਾਈ ਤੱਕ ਉੱਡਣ ਲਾਇਕ ਬਣਾਇਆ ਗਿਆ ਹੈ। ਇਸ ਰਾਹੀਂ ਭਾਰਤ ਤੇ ਅਮਰੀਕਾ ਵਿਚਾਲੇ ਆਧੁਨਿਕ ਤਕਨੀਕ ਵਿੱਚ ਸਹਿਯੋਗ ਵੀ ਵਧੇਗਾ।