ਕੋਰੋਨਾ ਵਾਇਰਸ ਇੱਕ ਅਦਿੱਖ ਦੁਸ਼ਮਣ ਵਾਂਗ ਦੁਨੀਆ ਦੇ ਸਾਹਮਣੇ ਖੜਾ ਹੈ ਅਤੇ ਡਾਕਟਰ ਤੇ ਨਰਸਾਂ ਇਸ ਲੜਾਈ ਨੂੰ ਫ਼ਰੰਟ ਲਾਈਨ 'ਤੇ ਲੜ ਰਹੀਆਂ ਹਨ। ਉਨ੍ਹਾਂ ਨੂੰ ਇਸ ਗੱਲ ਦਾ ਅਹਿਸਾਸ ਹੈ ਕਿ ਮਾਮੂਲੀ ਜਿਹੀ ਲਾਪਰਵਾਹੀ ਉਨ੍ਹਾਂ ਨੂੰ ਵੀ ਇਸ ਵਾਇਰਸ ਦਾ ਸ਼ਿਕਾਰ ਬਣਾ ਦੇਵੇਗੀ। ਅਮਰੀਕਾ 'ਚ ਪਿਛਲੇ 24 ਘੰਟੇ 'ਚ 884 ਮੌਤਾਂ ਹੋਈਆਂ ਹਨ। ਕੋਰੋਨਾ ਵਾਇਰਸ ਹੁਣ ਤਕ ਦੁਨੀਆ ਭਰ 'ਚ 9,36,670 ਲੋਕਾਂ ਨੂੰ ਆਪਣੀ ਲਪੇਟ 'ਚ ਲੈ ਚੁੱਕਾ ਹੈ। 47,259 ਲੋਕਾਂ ਦੀ ਇਸ ਜਾਨਲੇਵਾ ਬੀਮਾਰੀ ਕਾਰਨ ਮੌਤ ਹੋ ਚੁੱਕੀ ਹੈ। ਅਮਰੀਕਾ 'ਚ 5112, ਇਟਲੀ 'ਚ 13,155 ਤੇ ਸਪੇਨ 'ਚ 9387 ਲੋਕ ਮਾਰੇ ਜਾ ਚੁੱਕੇ ਹਨ। ਇਹ ਵਾਇਰਸ 300 ਤੋਂ ਵੱਧ ਡਾਕਟਰਾਂ ਦੀ ਜਾਨ ਲੈ ਚੁੱਕਾ ਹੈ।
ਇਸ ਸਬੰਧੀ ਨਿਊਯਾਰਕ 'ਚ ਮੈਡੀਕਲ ਸਟਾਫ਼ ਨੇ ਕੋਰੋਨਾ ਵਿਰੁੱਧ ਆਪਣੀ ਲੜਾਈ ਬਾਰੇ ਦੱਸਿਆ ਕਿ ਉਹ ਕਿਵੇਂ ਇਸ ਨਾਲ ਲੜ ਰਹੇ ਹਨ। ਨਰਸ ਕ੍ਰਿਸ਼ਚੀਅਨ ਫੀਲਡਰਨ ਨੇ ਦੱਸਿਆ, "ਮੈਂ ਸੂਰਜ ਦੇ ਲੁਕਣ ਸਾਰ ਆਪਣੀ ਡਿਊਟੀ ਲਈ ਘਰ ਨਿਕਲ ਪੈਂਦੀ ਹਾਂ। ਬੇਟੇ ਨੂੰ ਅਲਵਿਦਾ ਆਖ ਕੇ ਅਤੇ ਮਾਸਕ ਨਾਲ ਆਪਣੇ ਚਿਹਰੇ ਨੂੰ ਪੂਰੀ ਤਰ੍ਹਾਂ ਢੱਕ ਕੇ। ਆਪਣੇ ਇਸ ਮਾਸਕ ਦੇ ਸਾਹਮਣੇ ਮੈਂ ਵਾਰੀਅਰਜ਼ ਮਤਲਬ ਯੋਧਾ ਲਿਖਿਆ ਹੈ, ਕਿਉਂਕਿ ਅਸੀਂ ਇੱਕ ਜੰਗ ਹੀ ਤਾਂ ਲੜ ਰਹੇ ਹਾਂ।"
ਉਹ ਕਹਿੰਦੀ ਹੈ, "ਅਸੀਂ ਇਕ ਅਣਜਾਣ, ਅਦਿੱਖ ਅਤੇ ਅਵਿਸ਼ਵਾਸੀ ਦੁਸ਼ਮਣ ਨਾਲ ਲੜ ਰਹੇ ਹਾਂ। ਮੈਂ 15 ਸਾਲ ਤੋਂ ਨਿਊਯਾਰਕ ਦੇ ਇੱਕ ਹਸਪਤਾਲ ਦੇ ਆਈਸੀਯੂ 'ਚ ਕੰਮ ਕਰ ਰਹੀ ਹਾਂ। ਪਰ ਅਜਿਹਾ ਡਰ ਦਾ ਮਾਹੌਲ ਪਹਿਲਾਂ ਕਦੇ ਨਹੀਂ ਵੇਖਿਆ। ਅਜਿਹਾ ਲੱਗਦਾ ਹੈ ਕਿ ਮੈਂ ਕਿਸੇ ਹੋਰ ਦੇਸ਼ 'ਚ ਹਾਂ। ਇਸ ਵਾਇਰਸ ਨਾਲ ਲੜਾਈ ਨੇ ਸਾਨੂੰ ਸਰੀਰਕ ਅਤੇ ਭਾਵਨਾਤਮਕ ਤੌਰ 'ਤੇ ਤੋੜ ਦਿੱਤਾ ਹੈ। ਹਰ ਰੋਜ਼ ਲੋਕ ਮੇਰੀਆਂ ਅੱਖਾਂ ਸਾਹਮਣੇ ਮਰ ਰਹੇ ਹਨ। ਇੱਥੇ ਰੋਜ਼ਾਨਾ ਸੈਂਕੜੇ ਮੌਤਾਂ ਹੁੰਦੀਆਂ ਹਨ। ਇੱਥੇ ਸਮਰੱਥਾ ਨਾਲੋਂ ਵੱਧ ਮਰੀਜ਼ ਹਨ। ਇਨ੍ਹਾਂ 'ਚ ਬਹੁਤ ਸਾਰੇ ਲੋਕਾਂ ਨੂੰ ਵੈਂਟੀਲੇਟਰਾਂ ਦੀ ਜ਼ਰੂਰਤ ਹੈ, ਪਰ ਉਨ੍ਹਾਂ ਨੂੰ ਨਹੀਂ ਮਿਲ ਪਾ ਰਿਹਾ ਹੈ। ਹਾਲਾਤ ਬਹੁਤ ਖਰਾਬ ਹਨ।"
ਸੁਰੱਖਿਆ ਉਪਕਰਣਾਂ ਅਤੇ ਵੈਂਟੀਲੇਟਰਾਂ ਦੀ ਘਾਟ :
ਨਿਊਯਾਰਕ ਸਿਟੀ 'ਚ ਹਰ ਕੋਈ ਦਹਿਸ਼ਤ 'ਚ ਹੈ। ਜਿਹੜੀਆਂ ਔਰਤਾਂ ਗਰਭਵਤੀ ਹਨ ਉਹ ਦੂਜੇ ਸ਼ਹਿਰਾਂ ਦੀ ਵਲ ਭੱਜ ਰਹੀਆਂ ਹਨ। ਅਜਿਹੀ ਇੱਕ ਔਰਤ ਏਰੀਲਾ ਟੈਬਿਕ 31 ਹਫ਼ਤੇ ਦੀ ਗਰਭਵਤੀ ਹੈ। ਉਹ ਨਿਊਯਾਰਕ ਤੋਂ ਕੋਲਾਰਾਡੋ ਚਲੀ ਗਈ ਹੈ। ਉਹ ਕਹਿੰਦੀ ਹੈ, "ਨਿਊਯਾਰਕ ਛੱਡਣਾ ਉਸ ਦਾ ਸਹੀ ਫੈਸਲਾ ਹੈ। ਜਿਵੇਂ ਹੀ ਜਹਾਜ਼ ਨੇ ਉਡਾਨ ਭਰੀ ਮੈਂ ਬੁਰੀ ਤਰ੍ਹਾਂ ਰੋਣਾ ਸ਼ੁਰੂ ਕਰ ਦਿੱਤਾ। ਆਪਣਾ ਘਰ ਛੱਡ ਕੇ ਮੈਂ ਬਹੁਤ ਦੁਖੀ ਸੀ, ਪਰ ਕੀ ਕੀਤਾ ਜਾ ਸਕਦਾ ਹੈ। ਹਸਪਤਾਲਾਂ 'ਚ ਹੁਣ ਸੁਰੱਖਿਆ ਉਪਕਰਣ ਅਤੇ ਵੈਂਟੀਲੇਟਰ ਵੀ ਨਹੀਂ ਹਨ। ਡਾਕਟਰ ਤੇ ਨਰਸ ਸਾਰੇ ਕੋਰੋਨਾ ਦੀ ਲਪੇਟ 'ਚ ਆ ਰਹੇ ਹਨ। ਨਿਊਯਾਰਕ 'ਚ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ।"