ਅਮਰੀਕਾ ਵਿਚ ਟਰੰਪ ਪ੍ਰਸ਼ਾਸਨ ਪਾਕਿਸਤਾਨ ਉਤੇ ਇਸ ਗੱਲ ਲਈ ਦਬਾਅ ਬਣਾਉਣ ਉਤੇ ਧਿਆਨ ਕੇਂਦਰਿਤ ਕਰ ਰਿਹਾ ਹੈ ਕਿ ਉਹ ਆਪਣੀ ਜ਼ਮੀਨ ਉਤੇ ਸਰਗਰਮ ਅੱਤਵਾਦੀ ਸੰਗਠਨਾਂ ਖਿਲਾਫ ‘ਠੋਸ ਤੇ ਲਗਾਤਾਰ’ ਕਾਰਵਾਈ ਕਰੇ। ਅਮਰੀਕੀ ਵਿਦੇਸ਼ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਨੇ ਇਹ ਕਿਹਾ। ਅਧਿਕਾਰੀ ਨੇ ਕਿਹਾ ਕਿ ਅਮਰੀਕਾ ਪੁਲਵਾਮਾ ਹਮਲੇ ਦੇ ਜਵਾਬ ਵਿਚ ਭਾਰਤ ਦੇ ਨਾਲ ਖੁੱਲ੍ਹ ਕੇ ਅਤੇ ਮਜ਼ਬੂਤੀ ਨਾਲ ਖੜ੍ਹਾ ਹੈ।
ਅਧਿਕਾਰੀ ਨੇ ਕਿਹਾ ਕਿ ਹੁਣ ਸਾਡਾ ਧਿਆਨ ਪਾਕਿਸਤਾਨ ਉਤੇ ਇਹ ਦਬਾਅ ਬਣਾਉਣ ਉਤੇ ਕੇਂਦਰਿਤ ਹੈ ਕਿ ਉਹ ਆਪਣੇ ਇੱਥੇ ਸਰਗਰਮ ਅੱਤਵਾਦੀ ਸੰਗਠਨਾਂ ਖਿਲਾਫ ਠੋਸ ਅਤੇ ਲਗਾਤਾਰ ਕਾਰਵਾਈ ਕਰੇ ਅਤੇ ਅਸੀਂ ਇਸ ਟੀਚੇ ਨੂੰ ਹਾਸਲ ਕਰਨ ਲਈ ਅੰਤਰਰਾਸ਼ਟਰੀ ਵਰਗ ਨਾਲ ਮਿਲਕੇ ਕੰਮ ਕਰ ਰਹੇ ਹਾਂ।
ਜ਼ਿਕਰਯੋਗ ਹੈ ਕਿ ਜੰਮੂ ਕਸ਼ਮੀਰ ਦੇ ਪੁਲਵਾਮਾ ਵਿਚ 14 ਫਰਵਰੀ ਨੂੰ ਜੈਸ਼ ਏ ਮੁਹੰਮਦ ਦੇ ਅੱਤਵਾਦੀ ਹਮਲੇ ਵਿਚ ਸੀਆਰਪੀਐਫ ਦੇ 40 ਜਵਾਨ ਸ਼ਹੀਦ ਹੋ ਗਏ ਸਨ। ਇਸ ਹਮਲੇ ਦੇ ਬਾਅਦ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਵਧ ਗਿਆ ਹੈ। ਇਸ ਹਮਲੇ ਦੇ ਬਾਅਦ ਅਮਰੀਕਾ ਨੇ ਭਾਰਤ ਦੇ ਆਤਮ ਰੱਖਿਆ ਦੇ ਅਧਿਕਾਰ ਦਾ ਕੇਵਲ ਸਮਰਥਨ ਹੀ ਨਹੀਂ ਕੀਤਾ ਹੈ, ਸਗੋਂ ਉਹ ਪਾਕਿਸਤਾਨ ਉਤੇ ਅੱਤਵਾਦੀ ਸਮੂਹਾਂ ਦੇ ਖਿਲਾਫ ਕਾਰਵਾਈ ਦਾ ਦਬਾਅ ਵੀ ਬਣਾ ਰਿਹਾ ਹੈ।
ਇਸ ਤੋਂ ਪਹਿਲਾਂ ਵਿਦੇਸ਼ ਮੰਤਰੀ ਮਾਇਕ ਪੋਮੀਪਓ ਨੇ ‘ਫਾਕਸ ਨਿਊਜ਼ ਨੂੰ ਕਿਹਾ ਕਿ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਸ਼ਰਣ ਦੇਣਾ ਬੰਦ ਕਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਭਾਰਤ ਵਿਚ ਜੋ ਹੋਇਆ, ਉਹ ਅਸੀਂ ਦੇਖਿਆ। ਜੋ ਵੀ ਟਕਰਾਅ ਹੋਇਆ, ਉਹ ਪਾਕਿਸਾਤਨ ਤੋਂ ਆਏ ਅੱਤਵਾਦੀਆਂ ਦੇ ਕਾਰਨ ਹੋਇਆ। ਪਾਕਿਸਤਾਨ ਨੂੰ ਖੜ੍ਹੇ ਹੋਣ ਅਤੇ ਅੱਤਵਾਦੀਆਂ ਨੂੰ ਸ਼ਰਣ ਦੇਣਾ ਬੰਦ ਕਰਨ ਦੀ ਜ਼ਰੂਰਤ ਹੈ।