ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਮਰੀਕੀ ਫ਼ੌਜਾਂ ਵੱਲੋਂ ਅਲ–ਬਗ਼ਦਾਦੀ ਦੇ ISIS ਵਾਰਸ ਦਾ ਵੀ ਖ਼ਾਤਮਾ

ਅਮਰੀਕੀ ਫ਼ੌਜਾਂ ਵੱਲੋਂ ਅਲ–ਬਗ਼ਦਾਦੀ ਦੇ ISIS ਵਾਰਸ ਦਾ ਵੀ ਖ਼ਾਤਮਾ

ਇੰਝ ਜਾਪ ਰਿਹਾ ਹੈ ਕਿ ਅਮਰੀਕਾ ਨੇ ਹੁਣ ਕੌਮਾਂਤਰੀ ਪੱਧਰ ਦੀ ਅੱਤਵਾਦੀ ਜੱਥੇਬੰਦੀ ‘ਇਸਲਾਮਿਕ ਸਟੇਟ’ (ISIS) ਦਾ ਖ਼ਾਤਮਾ ਕਰਨ ਦਾ ਪੂਰਾ ਮਨ ਬਣਾ ਲਿਆ ਹੈ। ਪਹਿਲਾਂ ਉਸ ਨੇ ਇਸ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਮੁਖੀ ਅਬੂ ਬਕਰ ਅਲ–ਬਗ਼ਦਾਦੀ ਦਾ ਖ਼ਾਤਮਾ ਕੀਤਾ ਤੇ ਜਿਵੇਂ ਹੀ ਉਸ ਦਾ ਇੱਕ ਵਾਰਸ ਨਿਯੁਕਤ ਕੀਤੇ ਜਾਣ ਦੀ ਖ਼ਬਰ ਆਈ; ਉਸ ਸੰਭਾਵੀ ਵਾਰਸ ਨੂੰ ਵੀ ਮਾਰ ਦਿੱਤਾ ਗਿਆ ਹੈ।

 

 

ਮੀਡੀਆ ਰਿਪੋਰਟਾਂ ਮੁਤਾਬਕ ਅਲ–ਬਗ਼ਦਾਦੀ ਦੇ ਸੰਭਾਵੀ ਵਾਰਸ ਨੂੰ ਇੱਕ ਹਵਾਈ ਹਮਲੇ ਦੌਰਾਨ ਖ਼ਤਮ ਕੀਤਾ ਗਿਆ। ਕੁਰਦਾਂ ਦੀ ਅਗਵਾਈ ਹੇਠਲੀ ਮਿਲੀਸ਼ੀਆ ਦੇ ਮੁਖੀ ਮਜ਼ਲੂਮ ਆਬਦੀ ਨੇ ਟਵਿਟਰ ’ਤੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਲਿਖਿਆ ਕਿ ਅਲ–ਮੁਹਾਜਿਰ ਨੂੰ ਉਨ੍ਹਾਂ ਦੀਆਂ ਫ਼ੌਜਾਂ ਤੇ ਅਮਰੀਕਾ ਦੇ ਸਾਂਝੇ ਆਪਰੇਸ਼ਨ ਦੌਰਾਨ ਮਾਰ ਸੁੱਟਿਆ ਗਿਆ ਹੈ।

 

 

ਸਮੁੱਚੇ ਵਿਸ਼ਵ ’ਚ ਦਹਿਸ਼ਤਗਰਦ ਘਟਨਾਵਾਂ ਨੂੰ ਅੰਜਾਮ ਦੇਣ ਵਾਲੀ ਅੱਤਵਾਦੀ ਜੱਥੇਬੰਦੀ ‘ਇਸਲਾਮਿਕ ਸਟੇਟ’ (ISIS) ਦੇ ਸਰਗਨੇ ਅਬੂ ਬਕਰ ਅਲ–ਬਗ਼ਦਾਦੀ ਦੇ ਮਾਰੇ ਜਾਣ ਤੋਂ ਬਾਅਦ ਐਤਵਾਰ ਦੇਰ ਸ਼ਾਮੀਂ ਇਹ ਐਲਾਨ ਕੀਤਾ ਗਿਆ ਸੀ ਕਿ ਇਸ ਜੱਥੇਬੰਦੀ ਦਾ ਨਵਾਂ ਮੁਖੀ ਵੀ ਬਣਾ ਦਿੱਤਾ ਗਿਆ ਹੈ।

 

 

ਪਰ ਉਦੋਂ ਜਿਹੜੀਆਂ ਖ਼ਬਰਾਂ ਆਈਆਂ ਸਨ; ਉਨ੍ਹਾਂ ਵਿੱਚ ਤਾਂ ਇਹੋ ਆਖਿਆ ਗਿਆ ਸੀ ਕਿ ਸੱਦਾਮ ਹੁਸੈਨ ਦੀ ਫ਼ੌਜ ’ਚ ਅਧਿਕਾਰੀ ਰਹੇ ਅਬਦੁੱਲ੍ਹਾ ਕਰਦਸ਼ ਨੂੰ ਹੁਣ ਨਵਾਂ ISIS ਚੀਫ਼ ਬਣਾ ਦਿੱਤਾ ਗਿਆ ਹੈ ਪਰ ਹੁਣ ਅਲ–ਮੁਹਾਜਿਰ ਨਾਂਅ ਦੇ ਕਿਸੇ ਅੱਤਵਾਦੀ ਨੂੰ ਮਾਰ ਸੁੱਟਣ ਦਾ ਜ਼ਿਕਰ ਕੀਤਾ ਜਾ ਰਿਹਾ ਹੈ। ਹਾਲੇ ਅਜਿਹੀਆਂ ਰਿਪੋਰਟਾਂ ਕੁਝ ਸਪੱਸ਼ਟ ਨਹੀਂ ਹਨ।

 

 

ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਨੇ ਰਾਸ਼ਟਰ ਨੂੰ ਸੰਬੋਧਨ ਕਰਦਿਆਂ ਦੱਸਿਆ ਸੀ ਕਿ ਉਨ੍ਹਾਂ ਦੇ ਦੇਸ਼ ਦੀ ਫ਼ੌਜ ਨੇ ਅਬੂ ਬਕਰ ਨੂੰ ਘੇਰਾ ਪਾ ਲਿਆ ਸੀ ਤੇ ਆਪਣੇ ਆਖ਼ਰੀ ਸਮੇਂ ਉਹ ਬਹੁਤ ਚੀਕ ਰਿਹਾ ਸੀ। ਉਹ ਅਗਲੇ ਪਾਸਿਓਂ ਬੰਦ ਇੱਕ ਸੁਰੰਗ ਵਿੱਚ ਫਸ ਗਿਆ ਤੇ ਉਸ ਨੂੰ ਨੱਸਣ ਦਾ ਕੋਈ ਰਾਹ ਨਾ ਲੱਭਿਆ, ਤਾਂ ਉਸ ਨੇ ਬੰਬ ਧਮਾਕੇ ਨਾਲ ਖ਼ੁਦ ਨੂੰ ਖ਼ਤਮ ਕਰ ਲਿਆ। ਉਸ ਨਾਲ ਉਸ ਦੇ 8 ਸਾਥੀ ਅੱਤਵਾਦੀ ਵੀ ਉੱਥੇ ਮਾਰੇ ਗਏ।

 

 

ਅਮਰੀਕੀ ਅਧਿਕਾਰੀਆਂ ਨੇ ਕਿਹਾ ਸੀ ਕਿ ਅਬੂ ਬਕਰ ਦੇ ਵਾਰਸ ਉੱਤੇ ਹੁਣ ਉਨ੍ਹਾਂ ਦੀਆਂ ਫ਼ੌਜਾਂ ਨੇ ਪੂਰੀ ਚੌਕਸ ਨਜ਼ਰ ਰੱਖੀ ਹੋਈ ਹੈ। ਉਂਝ ਸੱਦਾਮ ਹੁਸੈਨ ਦਾ ਸੱਜਾ ਹੱਥ ਰਹੇ ਅਬਦੁਲ ਕਰਦਸ਼ ਬਾਰੇ ਕੋਈ ਬਹੁਤੀ ਜਾਣਕਾਰੀ ਮੌਜੂਦ ਨਹੀਂ ਹੈ।

 

 

ਇੰਨੀ ਕੁ ਜਾਣਕਾਰੀ ਜ਼ਰੂਰ ਹੈ ਕਿ ਹਾਜੀ ਅਬਦੁੱਲ੍ਹਾ ਅਲ–ਅਫ਼ਾਰੀ ਜਾਂ ਪ੍ਰੋਫ਼ੈਸਰ ਦੇ ਨਾਂਅ ਨਾਲ ਮਸ਼ਹੂਰ ਕਰਦਸ਼ ਨੂੰ ਬਗ਼ਦਾਦੀ ਨੇ ISIS ਦੇ ਕਥਿਤ ਮੁਸਲਿਮ ਮਾਮਲਿਆਂ ਦਾ ਵਿਭਾਗ ਚਲਾਉਣ ਲਈ ਖ਼ੁਦ ਚੁਣਿਆ ਸੀ। ‘ਨਿਊਜ਼ ਵੀਕ’ ਨੇ ਵੀ ਬਗ਼ਦਾਦੀ ਦੀ ਮੌਤ ਪਿੱਛੋਂ ਪ੍ਰੋਫ਼ੈਸਰ ਕਰਦਸ਼ ਨੂੰ ਹੀ ISIS ਦਾ ਨਵਾਂ ਮੁਖੀ ਬਣਾਏ ਜਾਣ ਦੀਆਂ ਖ਼ਬਰਾਂ ਦੀ ਪੁਸ਼ਟੀ ਕੀਤੀ ਹੈ।

 

 

ਇੱਕ ਸੁਆਲ ਦੇ ਜਵਾਬ ਵਿੱਚ ਸ੍ਰੀ ਡੋਨਾਲਡ ਟਰੰਪ ਨੇ ਇਹ ਵੀ ਦੱਸਿਆ ਕਿ ਇਸ ਸਾਲ ਦੇ ਸ਼ੁਰੂ ’ਚ ਹੀ ਅਮਰੀਕੀ ਫ਼ੌਜਾਂ ਨੇ ਅਲ–ਕਾਇਦਾ ਦੇ ਪਹਿਲੇ ਸਰਗਨੇ ਓਸਾਮਾ ਬਿਨ ਲਾਦੇਨ ਦੇ ਪੁੱਤਰ ਹਮਜ਼ਾ ਬਿਨ ਲਾਦੇਨ ਨੂੰ ਵੀ ਮਾਰ ਮੁਕਾਇਆ ਸੀ। ਉਨ੍ਹਾਂ ਕਿਹਾ ਕਿ ਹਮਜ਼ਾ ਨੂੰ ਮਾਰਨਾ ਵੀ ਵੱਡੀ ਗੱਲ ਸੀ ਪਰ ਹੁਣ ਬਗ਼ਦਾਦੀ ਨੂੰ ਮਾਰਨਾ ਇੱਕ ਜ਼ਿਆਦਾ ਵੱਡੀ ਪ੍ਰਾਪਤੀ ਹੈ।

 

 

ਸ੍ਰੀ ਟਰੰਪ ਨੇ ਇਹ ਵੀ ਮੰਨਿਆ ਸੀ ਕਿ ਅਲ–ਬਗ਼ਦਾਦੀ ਨਿਸ਼ਚਤਤ ਤੌਰ ’ਤੇ ਲਾਦੇਨ ਤੋਂ ਵੱਡਾ ਅੱਤਵਾਦੀ ਸੀ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:US Forces eliminate Al Baghdadi s ISIS successor also