ਭਾਰਤੀ ਮੂਲ ਦੇ ਡਾਕਟਰ (ਸ੍ਰੀਮਤੀ) ਜਯਮ ਕ੍ਰਿਸ਼ਨਾ ਅਈਅਰ (66) ਨੂੰ ਅਮਰੀਕਾ ਦੇ ਇੱਕ ਹੈਲਥ-ਕੇਅਰ ਘੁਟਾਲੇ `ਚ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ। ਕਾਨੂੰਨੀ ਮਾਹਿਰਾਂ ਅਨੁਸਾਰ ਅਮਰੀਕੀ ਸੂਬੇ ਫ਼ਲੋਰਿਡਾ ਦੇ ਸ਼ਹਿਰ ਕਲੀਅਰਵਾਟਰ ਦੇ ਵਸਨੀਕ ਡਾ. ਜਯਮ ਕ੍ਰਿਸ਼ਨਾ ਅਈਅਰ ਨੂੰ ਇਸ ਮਾਮਲੇ `ਚ ਵੱਧ ਤੋਂ ਵੱਧ 10 ਵਰ੍ਹੇ ਕੈਦ ਦੀ ਸਜ਼ਾ ਹੋ ਸਕਦੀ ਹੈ ਅਤੇ ਜਾਂ ਜੇ ਕਿਸੇ ਨੂੰ ਗੰਭੀਰ ਕਿਸਮ ਦੀ ਸੱਟ ਲੱਗੀ ਹੋਵੇ, ਤਾਂ ਇਹੋ ਸਜ਼ਾ 20 ਵਰ੍ਹੇ ਵੀ ਹੋ ਸਕਦੀ ਹੈ।
ਹੁਣ ਡਾ. ਜਯਮ ਕ੍ਰਿਸ਼ਨਾ ਅਈਅਰ ਆਪਣਾ ਡ੍ਰੱਗ ਇਨਫ਼ੋਰਸਮੈਂਟ ਪ੍ਰਸ਼ਾਸਨ ਦਾ ਰਜਿਸਟ੍ਰੇਸ਼ਨ ਨੰਬਰ ਵਾਪਸ ਕਰਨ ਲਈ ਵੀ ਸਹਿਮਤ ਹੋ ਗਏ ਹਨ। ਉਨ੍ਹਾਂ ਕਲੀਅਰਵਾਟਰ `ਚ ‘ਕ੍ਰੀਏਟਿਵ ਮੈਡੀਕਲ ਸੈਂਟਰ` ਨਾਂਅ ਦਾ ਦਰਦ ਠੀਕ ਕਰਨ ਦਾ ਕਲੀਨਿਕ ਹੈ। ਉਨ੍ਹਾਂ ਨੇ ਦਫ਼ਤਰ `ਚ ਮੁਲਾਕਾਤਾਂ, ਟੈਸਟਾਂ ਤੇ ਮਰੀਜ਼ਾਂ ਨੂੰ ਦੇਣ ਵਾਲੀਆਂ ਸੇਵਾਵਾਂ ਲਈ ਮੈਡੀਕੇਅਰ ਤੇ ਮੈਡਿਕਏਡ ਨੂੰ ਬਿੱਲ ਭੇਜੇ ਸਨ ਤੇ ਕੁਝ ਪਾਬੰਦੀਸ਼ੁਦਾ ਦਵਾਈਆਂ ਵੀ ਮਰੀਜ਼ਾਂ ਨੂੰ ਲਿਖ ਕੇ ਦਿੱਤੀਆਂ ਸਨ।
ਦੋਸ਼ ਹੈ ਕਿ ਡਾ. ਅਈਅਰ ਨੇ ਸਾਲ 2011 ਤੋਂ ਲੈ ਕੇ ਦਸੰਬਰ 2017 ਤੱਕ ਮੈਡਿਕੇਅਰ ਨਾਲ ਕਥਿਤ ਧੋਖਾਧੜੀ ਕੀਤੀ। ਉਨ੍ਹਾਂ ਵੱਲੋਂ ‘ਪੇਸ਼ ਕੀਤੇ ਗਏ ਕੁਝ ਬਿਲ ਜਾਅਲੀ ਸਨ ਤੇ ਉਨ੍ਹਾਂ ਝੂਠੇ ਇਲੈਕਟ੍ਰੋਨਿਕ ਮੈਡੀਕਲ ਰਿਕਾਰਡ ਵੀ ਬਣਾਏ।`