ਅਫ਼ਗ਼ਾਨਿਸਤਾਨ ਦੇ ਸ਼ਹਿਰ ਗ਼ਜ਼ਨੀ `ਤੇ ਤਾਲਿਬਾਨ ਦੇ ਹਮਲੇ ਤੋਂ ਬਾਅਦ ਅਮਰੀਕੀ ਫ਼ੌਜਾਂ ਨੇ ਸ਼ੁੱਕਰਵਾਰ ਨੂੰ ਉੱਥੇ ਹਵਾਈ ਹਮਲੇ ਕੀਤੇ। ਆਮ ਲੋਕ ਆਪਣੇ ਘਰਾਂ ਅੰਦਰ ਵੜੇ ਬੈਠੇ ਰਹੇ ਅਤੇ ਧਮਾਕਿਆਂ ਤੇ ਗੋਲ਼ੀਆਂ ਦੀਆਂ ਆਵਾਜ਼ਾਂ ਸੁਣ ਕੇ ਖ਼ੌਫ਼ਜ਼ਦਾ ਹੁੰਦੇ ਰਹੇ। ਸੁਰੱਖਿਆ ਬਲਾਂ ਨੇ ਅੱਤਵਾਦੀਆਂ ਤੇ ਘੁਸਪੈਠੀਆਂ ਨੂੰ ਉੱਥੋਂ ਭਜਾਉਣ ਦਾ ਜਤਨ ਕੀਤਾ।
ਅਧਿਕਾਰੀਆਂ ਅਨੁਸਾਰ ਤਾਲਿਬਾਨ ਅੱਤਵਾਦੀਆਂ ਨੇ ਸ਼ਹਿਰ ਦੇ ਕੇਂਦਰ `ਤੇ ਕਬਜ਼ਾ ਕਰਨ ਦਾ ਜਤਨ ਕੀਤਾ ਸੀ। ਜਵਾਬੀ ਕਾਰਵਾਈ ਇੱਕ ਅਫ਼ਗ਼ਾਨ ਫ਼ੌਜੀ ਜਵਾਨ ਦੀ ਮੌਤ ਹੋ ਗਈ ਤੇ ਸੱਤ ਹੋਰ ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਸੂਬਾਈ ਗਵਰਨਰ ਦੇ ਬੁਲਾਰੇ ਆਰਿਫ਼ ਨੂਰੀ ਨੇ ਦਿੱਤੀ।
ਮੋਰਟਰ ਹਮਲਿਆਂ ਦੀ ਮਾਰ ਹੇਠ ਬਹੁਤ ਸਾਰੇ ਆਮ ਲੋਕਾਂ ਦੇ ਘਰ ਤੇ ਫ਼ੌਜੀਆਂ ਦੇ ਨਾਕੇ ਵੀ ਆ ਗਏ ਹਨ। ਸੜਕਾਂ ਤੇ ਗਲ਼ੀਆਂ `ਚ ਦਰਜਨਾਂ ਤਾਲਿਬਾਨ ਅੱਤਵਾਦੀਆਂ ਦੀਆਂ ਲਾਸ਼ਾਂ ਵਿਛੀਆਂ ਪਈਆਂ ਹਨ।
ਤਾਲਿਬਾਨ ਨੇ ਸ਼ਹਿਰ ਗ਼ਜ਼ਨੀ `ਤੇ ਵੀਰਵਾਰ ਦੇਰ ਰਾਤੀਂ ਹਮਲਾ ਸ਼ੁਰੂ ਕੀਤਾ ਸੀ। ਤਦ ਅਫ਼ਗ਼ਾਨ ਫ਼ੌਜਾਂ ਨੇ ਵੀ ਜਵਾਬੀ ਕਾਰਵਾਈ ਅਰੰਭ ਦਿੱਤੀ ਸੀ। ਲੜਾਈ ਸ਼ੁਰੂ ਹੁੰਦਿਆਂ ਹੀ ਇਲਾਕੇ ਦੀ ਬਿਜਲੀ ਜਾਣਬੁੱਝ ਕੇ ਬੰਦ ਕਰ ਦਿੱਤੀ ਗਈ ਸੀ ਤੇ ਚੁਪਾਸੇ ਹਨੇਰਾ ਛਾ ਗਿਆ ਸੀ। ਸ਼ਹਿਰ `ਚ ਗੋਲ਼ੀਆਂ ਚੱਲਣ ਦੀਆਂ ਆਵਾਜ਼ਾਂ ਲਗਾਤਾਰ ਆਉਂਦੀਆਂ ਰਹੀਆਂ। ਇਸ ਦੌਰਾਨ ਇੱਕ ਸਰਕਾਰੀ ਇਮਾਰਤ ਨੂੰ ਅੱਗ ਵੀ ਲੱਗ ਗਈ।
ਇੱਕ ਦੁਕਾਨਦਾਰ ਮੁਹੰਮਦ ਹਲੀਮ ਨੇ ਖ਼ਬਰ ਏਜੰਸੀ ‘ਏਐੱਫ਼ਪੀ` ਦੇ ਪੱਤਰਕਾਰ ਨੂੰ ਦੱਸਿਆ ਕਿ ਸ਼ਹਿਰ ਵਿੱਚ ਹਰ ਪਾਸੇ ਤਾਲਿਬਾਨ ਘੁੰਮ ਰਹੇ ਹਨ ਤੇ ਸਭ ਨੂੰ ਆਪਣੀ ਜਾਨ ਦਾ ਖੌਅ ਬਣਿਆ ਹੋਇਆ ਹੈ।
ਅਮਰੀਕਾ ਵੱਲੋਂ ਜਾਰੀ ਇੱਕ ਬਿਆਨ ਅਨੁਸਾਰ ਗ਼ਜ਼ਨੀ ਸ਼ਹਿਰ ਇਸ ਵੇਲੇ ਸਰਕਾਰ ਦੇ ਕਬਜ਼ੇ ਹੇਠ ਹੈ। ਸਾਰੇ ਸਰਕਾਰੀ ਕੇਂਦਰਾਂ `ਤੇ ਸਰਕਾਰ ਦਾ ਹੀ ਕਬਜ਼ਾ ਹੈ। ਦੁਸ਼ਮਣ ਦੇ 140 ਦੇ ਲਗਭਗ ਵਿਅਕਤੀ ਜਾਂ ਤਾਂ ਮਾਰੇ ਗਏ ਹਨ ਅਤੇ ਜਾਂ ਬੁਰੀ ਤਰ੍ਹਾਂ ਜ਼ਖ਼ਮੀ ਹਨ।