ਨਾਗਰਿਕਤਾ ਸੋਧ ਕਾਨੂੰਨ (CAA) ਅਤੇ ਰਾਸ਼ਟਰੀ ਨਾਗਰਿਕ ਰਜਿਸਟਰ (NRC) ਕਾਰਨ ਭਾਰਤ ਦੇ ਕਈ ਸ਼ਹਿਰਾਂ ਵਿੱਚ ਹਿੰਸਕ ਰੋਸ ਮੁਜ਼ਾਹਰੇ ਹੋ ਰਹੇ ਹਨ। ਇਸੇ ਦੌਰਾਨ ਅਮਰੀਕਾ ਨੇ ਭਾਰਤ ਦੀ ਇਸ ਸਥਿਤੀ ਉੱਤੇ ਪ੍ਰਤੀਕਰਮ ਪ੍ਰਗਟਾਇਆ ਹੈ।
ਅਮਰੀਕਾ ਦੇ ਇੱਕ ਸੀਨੀਅਰ ਅਧਿਕਾਰੀ ਨੇ ਭਾਰਤ ਵਿੱਚ ਨਾਗਰਿਕਤਾ ਕਾਨੂੰਨ ਨੂੰ ਲੈ ਕੇ ਹੋ ਰਹੇ ਵਿਰੋਧ ਬਾਰੇ ਕਿਹਾ ਹੈ ਕਿ ਅਸੀਂ ਸਰਗਰਮ ਸਿਆਸੀ ਬਹਿਸ ਵੇਖ ਰਹੇ ਹਾਂ। ਸੰਸਦ ਵਿੱਚ ਵੀ ਬਹਿਸ ਹੋ ਰਹੀ ਹੈ, ਅਸੀਂ ਉਹ ਵੀ ਵੇਖ ਰਹੇ ਹਾਂ।
ਉਨ੍ਹਾਂ ਕਿਹਾ ਕਿ ਲੋਕਾਂ ਦੇ ਵਿਰੋਧ ਪ੍ਰਦਰਸ਼ਨ ਉੱਤੇ ਵੀ ਸਾਡੀ ਨਜ਼ਰ ਹੈ। ਅਸੀਂ ਜਾਣਦੇ ਹਾਂ ਕਿ NRC ਬਾਰੇ ਨਿਆਂਇਕ ਪ੍ਰਕਿਰਿਆ ਚੱਲ ਰਹੀ ਹੈ। ਇਸ ਤੋਂ ਇਲਾਵਾ ਅਮਰੀਕਾ ਨੇ ਇਹ ਵੀ ਕਿਹਾ ਕਿ ਅਸੀਂ ਭਾਰਤ ਦੀਆਂ ਜਮਹੂਰੀ ਸੰਸਥਾਵਾਂ ਤੇ ਕਦਰਾਂ–ਕੀਮਤਾਂ ਦਾ ਆਦਰ ਕਰਦੇ ਹਾਂ। ਇੱਕ ਵੱਡੇ ਜਮਹੂਰੀ ਦੇਸ਼ ਦੇ ਰੂਪ ਵਿੱਚ ਭਾਰਤ ਨੂੰ ਘੱਟ–ਗਿਣਤੀਆਂ ਦੇ ਅਧਿਕਾਰਾਂ, ਧਾਰਮਿਕ ਆਜ਼ਾਦੀ, ਮਨੁੱਖੀ ਅਧਿਕਾਰ ਇੱਕ ਅਹਿਮ ਥੰਮ੍ਹ ਦੇ ਰੁਪ ਵਿੱਚ ਮਿਲੇ ਹੋਏ ਹਨ।
ਸੀਨੀਅਰ ਅਮਰੀਕੀ ਕੂਟਨੀਤਕ ਨੇ ਕਿਹਾ ਹੈ ਕਿ ਨਾਗਰਿਕਤਾ ਤੇ ਧਾਰਮਿਕ ਆਜ਼ਾਦੀ ਜਿਹੇ ਮੁੱਦਿਆਂ ਉੱਤੇ ਭਾਰਤ ਅੰਦਰ ਇੱਕ ਮਜ਼ਬੂਤ ਬਹਿਸ ਚੱਲ ਰਹੀ ਹੈ। ਅਮਰੀਕਾ ਦੇ ਇਸ ਜਵਾਬ ਨਾਲ ਭਾਰਤ ਦਾ ਗੁਆਂਢੀ ਦੇਸ਼ ਪਾਕਿਸਤਾਨ ਜ਼ਰੂਰ ਨਿਰਾਸ਼ ਹੋਇਆ ਹੋਵੇਗਾ।
ਪਾਕਿਸਤਾਨ ਸਦਾ ਭਾਰਤ ਵਿੱਚ ਇੱਕ ਫ਼ਿਰਕੇ ਦੇ ਲੋਕਾਂ ਉੱਤੇ ਤਸ਼ੱਦਦ ਢਾਹੇ ਜਾਣ ਦਾ ਦੋਸ਼ ਲਾਉਂਦਾ ਰਿਹਾ ਹੈ। ਇੱਥੇ ਵਰਨਣਯੋਗ ਹੈ ਕਿ ਭਾਰਤ ਤੇ ਅਮਰੀਕਾ ਵਿਚਾਲੇ ਮੰਤਰੀ ਪੱਧਰ ਦੀ 2+ 2 ਗੱਲਬਾਤ ਚੱਲ ਰਹੀ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਵਿਦੇਸ਼ ਮੰਤਰੀ ਐੱਸ. ਜੈਸ਼ੰਕ ਇਸ ਵੇਲੇ ਅਮਰੀਕਾ ’ਚ ਹੀ ਹਨ।
ਇੱਥੇ ਵਰਨਣਯੋਗ ਹੈ ਕਿ ਭਾਰਤ ਦੀ ਰਾਜਧਾਨੀ ਦਿੱਲੀ ’ਚ ਇਸ ਵੇਲੇ NRC ਦਾ ਜ਼ੋਰਦਾਰ ਵਿਰੋਧ ਜਾਰੀ ਹੈ। ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਅਜਿਹੇ ਪ੍ਰਦਰਸ਼ਨ ਹਿੰਸਕ ਵੀ ਹੋ ਰਹੇ ਹਨ।