ਅਮਰੀਕੀ ਸੈਨੇਟ ਨੇ ਰੱਖਿਆ ਮਾਮਲਿਆਂ ਨਾਲ ਸਬੰਧਤ 716 ਅਰਬ ਡਾਲਰ ਦਾ ਉਹ ਬਿਲ ਪਾਸ ਕਰ ਦਿੱਤਾ ਹੈ, ਜਿਸ ਰਾਹੀਂ ਅਮਰੀਕਾ ਦੇ ‘ਪ੍ਰਮੁੱਖ ਰੱਖਿਆ ਭਾਈਵਾਲ` ਭਾਰਤ ਨਾਲ ਸਬੰਧ ਮਜ਼ਬੂਤ ਕੀਤਾ ਜਾਣਾ ਹੈ। ਇੱਥੇ ਵਰਨਣਯੋਗ ਹੈ ਕਿ ਸਾਲ 2016 `ਚ ਅਮਰੀਕਾ ਨੇ ਭਾਰਤ ਨੂੰ ‘ਪ੍ਰਮੁੱਖ ਰੱਖਿਆ ਭਾਈਵਾਲ` ਕਰਾਰ ਦਿੱਤਾ ਸੀ। ਇਸ ਤੋਂ ਬਾਅਦ ਭਾਰਤ ਹੁਣ ਅਮਰੀਕਾ ਤੋਂ ਹਰ ਤਰ੍ਹਾਂ ਦੀ ਅਗਾਂਹਵਧੂ ਤੇ ਨਾਜ਼ੁਕ ਕਿਸਮ ਦੀਆਂ ਤਕਨਾਲੋਜੀਆਂ ਖ਼ਰੀਦਣ ਦੇ ਯੋਗ ਹੋ ਜਾਵੇਗਾ। ਇੰਝ ਦੋਵੇਂ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਹੋਰ ਵਧੇਗਾ।
‘ਨੈਸ਼ਨਲ ਡਿਫ਼ੈਂਸ ਆਥੋਰਾਇਜ਼ੇਸ਼ਨ ਐਕਟ 2019` ਨਾਂਅ ਦੇ ਬਿਲ ਨੂੰ ਅਮਰੀਕੀ ਸੈਨੇਟ ਨੇ ਭਾਰੀ ਬਹੁਮੱਤ ਨਾਲ ਪਾਸ ਕਰ ਦਿੱਤਾ। ਇਸ ਬਿਲ ਦੇ ਹੱਕ ਵਿੱਚ 85 ਅਤੇ ਖਿ਼ਲਾਫ਼ ਸਿਰਫ਼ 10 ਵੋਟਾਂ ਪਈਆਂ। ਇਸ ਬਿਲ ਦਾ ਨਾਂਅ ਸਤਿਕਾਰ ਵਜੋਂ ਸੈਨੇਟ ਆਰਮਡ ਸਰਵਿਸੇਜ਼ ਕਮੇਟੀ ਦੇ ਚੇਅਰਮੈਨ ਜੌਨ ਮੈਕੇਨ ਦੇ ਨਾਂਅ `ਤੇ ਰੱਖਿਆ ਗਿਆ ਹੈ। ਚੇਤੇ ਰਹੇ ਕਿ ਜੌਨ ਮੈਕੇਨ ਪਿਛਲੇ ਕਈ ਮਹੀਨਿਆਂ ਤੋਂ ਕੈ਼ਸਰ ਰੋਗ ਨਾਲ ਜੰਗ ਲੜ ਰਹੇ ਹਨ।
ਜੌਨ ਮੈਕੇਨ ਨੇ ਕਿਹਾ ਕਿ ਇਹ ਬਿੱਲ ਅਸਲ ਵਿੱਚ ਸੁਧਾਰ ਏਜੰਡੇ ਦਾ ਹਿੱਸਾ ਹੈ ਤੇ ਇੰਝ ਰੱਖਿਆ ਵਿਭਾਗ ਨੂੰ ਬਿਹਤਰ ਪੁਜ਼ੀਸ਼ਨ ਹਾਸਲ ਕਰਨ ਵਿੱਚ ਕਾਮਯਾਬੀ ਮਿਲੇਗੀ।
ਇੱਥੇ ਵਰਨਣਯੋਗ ਹੈ ਕਿ ਅਮਰੀਕੀ ਸੰਸਦ ਦਾ ਪ੍ਰਤੀਨਿਧ ਸਦਨ ਪਹਿਲਾਂ ਹੀ ਇਹ ਬਿਲ ਪਾਸ ਕਰ ਚੁੱਕਾ ਹੈ। ਹੁਣ ਦੋ ਵੱਖਰੇ ਬਿੱਲ ਸੈਨੇਟ ਤੇ ਪ੍ਰਤੀਨਿਧ ਸਦਨ `ਚ ਚੱਲੇ ਹਨ।ਇਸ ਤੋਂ ਬਾਅਦ ਸਦਨ ਤੇ ਇੱਕ ਸਾਂਝੀ ਕਮੇਟੀ ਇਸ ਬਿਲ ਦੇ ਇੱਕ ਸਾਂਝੇ ਖਰੜੇ `ਤੇ ਸਹਿਮਤ ਹੋਵੇਗੀ। ਇਸ ਤੋਂ ਬਾਅਦ ਪ੍ਰਤੀਨਿਧ ਸਦਨ ਤੇ ਸੈਨੇਟ ਵਿੱਚ ਇੱਕ ਵਾਰ ਫਿਰ ਵੋਟਿੰਗ ਹੋਵੇਗੀ। ਤਦ ਇਹ ਬਿੱਲ ਆਖ਼ਰ `ਚ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਪ੍ਰਵਾਨਗੀ ਲਹੀ ਭੇਜਿਆ ਜਾਵੇਗਾ।