ਅਮਰੀਕੀ ਖ਼ੁਫ਼ੀਆ ਏਜੰਸੀ ਸੀਆਈਏ ਨੇ ਇੱਕ ਸਵਿੱਸ ਕੋਡ ਰਾਈਟਿੰਗ ਕੰਪਨੀ ਰਾਹੀਂ ਕਈ ਦਹਾਕਿਆਂ ਤੱਕ ਭਾਰਤ ਤੇ ਪਾਕਿਸਤਾਨ ਸਮੇਤ ਦੁਨੀਆ ਦੇ ਉਨ੍ਹਾਂ ਸਾਰੇ ਦੇਸ਼ਾਂ ਦੀ ਜਾਸੂਸੀ ਕੀਤੀ, ਜਿਨ੍ਹਾਂ ਉੱਤੇ ਉਹ ਨਜ਼ਰ ਰੱਖਣਾ ਚਾਹੁੰਦੀ ਸੀ। ਇਸ ਕੰਪਨੀ ਦੇ ਉਪਕਰਣਾਂ ਦੀ ਵਰਤੋਂ ਸਮੁੱਚੇ ਵਿਸ਼ਵ ਦੇ ਵੱਖੋ–ਵੱਖਰੇ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਆਪਣੇ ਜਾਸੂਸਾਂ, ਫ਼ੌਜੀਆਂ ਤੇ ਖ਼ੁਫ਼ੀਆ ਕੂਟਨੀਤਕਾਂ ਨਾਲ ਸੁਨੇਹਿਆਂ ਦੇ ਆਦਾਨ–ਪ੍ਰਦਾਨ ਲਈ ਬਹੁਤ ਭਰੋਸੇਯੋਗ ਮੰਨੀ ਜਾਂਦੀ ਰਹੀ ਪਰ ਕਿਸੇ ਨੂੰ ਵੀ ਕਦੇ ਇਹ ਪਤਾ ਨਹੀਂ ਲੱਗ ਸਕਿਆ ਕਿ ਇਸ ਕੰਪਨੀ ਦੇ ਮਾਲਿਕ ਕੌਣ ਹਨ।
ਇਸ ਕੰਪਨੀ ਦੀ ਮਾਲਕੀ ਅਸਲ ’ਚ ਸੀਆਈਏ ਤੇ ਉਸ ਦੀ ਸਹਿਯੋਗੀ ਪੱਛਮੀ ਜਰਮਨੀ ਦੀ ਖ਼ੁਫ਼ੀਆ ਏਜੰਸੀ ਬੀਐੱਨਡੀ ਕੋਲ ਸੀ। ਜਾਸੂਸੀਆਂ ਦਾ ਇਹ ਸਿਲਸਿਲਾ 50 ਸਾਲਾਂ ਤੱਕ ਚੱਲਦਾ ਰਿਹਾ।
ਅਮਰੀਕਾ ਦੇ ਅਖ਼ਬਾਰ ‘ਵਾਸ਼ਿੰਗਟਨ ਪੋਸਟ’ ਅਤੇ ਜਰਮਨੀ ਦੇ ਸਰਕਾਰੀ ਬ੍ਰਾਡਕਾਸਟਰ ZDF ਨੇ ਹੁਣ ਇੱਕ ਰਿਪੋਰਟ ਇਸ ਬਾਰੇ ਪੇਸ਼ ਕੀਤੀ ਹੈ। ਇਸ ਰਿਪੋਰਟ ’ਚ ਕਿਹਾ ਗਿਆ ਹੈ ਕਿ ਸਵਿਟਜ਼ਰਲੈਂਡ ਦੀ ਕ੍ਰਿਪਟੋ ਏਜੀ ਕੰਪਨੀ ਨਾਲ ਸੀਆਈਏ ਨੇ 1951 ’ਚ ਸੌਦਾ ਕੀਤਾ ਸੀ; ਜਿਸ ਅਧੀਨ 1970 ’ਚ ਇਸ ਦਾ ਮਾਲਿਕਾਨਾ ਹੱਕ ਸੀਆਈਏ ਨੂੰ ਮਿਲ ਗਿਆ।
ਰਿਪੋਰਟ ’ਚ ਸੀਆਈਏ ਦੇ ਖ਼ੁਫ਼ੀਆ ਦਸਤਾਵੇਜ਼ਾਂ ਦੇ ਹਵਾਲੇ ਨਾਲ ਇਸ ਰਾਜ਼ ਦਾ ਪਰਦਾਫ਼ਾਸ਼ ਕੀਤਾ ਗਿਆ ਹੈ ਕਿ ਅਮਰੀਕਾ ਤੇ ਉਸ ਦੇ ਸਹਿਯੋਗੀ ਪੱਛਮੀ ਜਰਮਨੀ ਨੇ ਸਾਲਾਂ ਬੱਧੀ ਦੂਜੇ ਦੇਸ਼ਾਂ ਦੇ ਭੋਲ਼ੇਪਣ ਦਾ ਫ਼ਾਇਦਾ ਉਠਾਇਆ। ਇਨ੍ਹਾਂ ਨੇ ਉਨ੍ਹਾਂ ਦਾ ਧਨ ਲਿਆ ਤੇ ਉਨ੍ਹਾਂ ਦੀਆਂ ਖ਼ੁਫ਼ੀਆ ਜਾਣਕਾਰੀਆਂ ਵੀ ਚੋਰੀ ਕਰ ਲਈਆਂ।
ਸੀਆਈਏ ਤੇ ਬੀਐੱਨਡੀ ਨੇ ਇਸ ਆਪਰੇਸ਼ਨ ਨੂੰ ਪਹਿਲਾਂ ਥੀਸੌਰਸ ਅਤੇ ਫਿਰ ਰੂਬੀਕਾਨ ਜਿਹੇ ਨਾਂਅ ਦਿੱਤੇ। ਸੂਚਨਾ ਤੇ ਸੰਚਾਰ ਸੁਰੱਖਿਆ ਮਾਹਿਰ ਕੰਪਨੀ ਕ੍ਰਿਪਟੋ ਏਜੀ ਦੀ ਸਥਾਪਨਾ 1940 ’ਚ ਇੱਕ ਆਜ਼ਾਦ ਕੰਪਨੀ ਵਜੋਂ ਹੋਈ ਸੀ ਤੇ ਸਾਲ 2018 ’ਚ ਇਸ ਨੂੰ ਬੰਦ ਕਰ ਦਿੱਤਾ ਗਿਆ ਸੀ।
ਕ੍ਰਿਪਟੋ ਮਸ਼ੀਨ ਨੂੰ ਰੂਸ ਤੋਂ ਅਮਰੀਕਾ ਤੇ ਫਿਰ ਸਵੀਡਨ ਭੱਜ ਗਏ ਬੋਰਿਸ ਹੇਗੇਲਿਨ ਨੇ ਬਣਾਇਆ ਸੀ। ਇਸ ਕੰਪਨੀ ਦੇ 120 ਗਾਹਕਾਂ ਵਿੱਚ ਈਰਾਨ, ਕਈ ਲਾਤੀਨੀ–ਅਮਰੀਕੀ ਦੇਸ਼, ਭਾਰਤ, ਪਾਕਿਸਤਾਨ ਤੇ ਵੈਟਿਕਨ ਸਿਟੀ ਸ਼ਾਮਲ ਰਹੇ ਹਨ।
ਪਾਕਿਸਤਾਨ ਤਾਂ ਲੰਮਾ ਸਮਾਂ ਅਮਰੀਕਾ ਦਾ ਖ਼ਾਸ ਸਹਿਯੋਗੀ ਬਣਿਆ ਰਿਹਾ ਸੀ ਪਰ ਤਦ ਵੀ ਉਨ੍ਹਾਂ ਦੇ ਸੰਦੇਸ਼ ਵੀ ਰਿਕਾਰਡ ਕੀਤੇ ਜਾਂਦੇ ਰਹੇ ਸਨ।