ਅਮਰੀਕਾ ਤੇ ਤਾਲਿਬਾਨ ਵਿਚਾਲੇ ਪਿਛਲੇ ਕੁਝ ਸਮੇਂ ਤੋਂ ਰੁਕੀ ਹੋਈ ਆਪਸੀ ਗੱਲਬਾਤ ਮੁੜ ਸ਼ੁਰੂ ਹੋ ਗਈ ਹੈ। ਪਾਕਿਸਤਾਨ ਨੇ ਇਸ ਦਾ ਸੁਆਗਤ ਕੀਤਾ ਹੈ। ਅਮਰੀਕੀ ਪ੍ਰਸ਼ਾਸਨ ਤੇ ਤਾਲਿਬਾਨ ਵਿਚਾਲੇ ਆਪਸੀ ਗੱਲਬਾਤ ਦੀ ਬਹਾਲੀ ਦਾ ਐਲਾਨ ਵੀਰਵਾਰ 5 ਦਸੰਬਰ ਨੂੰ ਕੀਤਾ ਗਿਆ।
ਉਸ ਤੋਂ ਪਹਿਲਾਂ ਅਮਰੀਕੀ ਵਿਦੇਸ਼ ਵਿਭਾਗ ਨੇ ਬੁੱਧਵਾਰ 4 ਦਸੰਬਰ ਨੂੰ ਕਿਹਾ ਸੀ ਕਿ ਅਮਰੀਕਾ ਛੇਤੀ ਹੀ ਤਾਲਿਬਾਨ ਨਾਲ ਗੱਲਬਾਤ ਮੁੜ ਸ਼ੁਰੂ ਕਰੇਗਾ।
ਅਫ਼ਗ਼ਾਨਿਸਤਾਨ ਉੱਤੇ ਅਮਰੀਕੀ ਵਾਰਤਾਕਾਰ ਜਲਮਯ ਖ਼ਲੀਲਜ਼ਾਦ ਹੁਣ ਤਾਲਿਬਾਨ ਨਾਲ ਗੱਲਬਾਤ ਵਿੱਚ ਸ਼ਾਮਲ ਹੋਣ ਲਈ ਕਤਰ ਜਾਣਗੇ। ਇਸ ਦੌਰਾਨ ਅਫ਼ਗ਼ਾਨਿਸਤਾਨ ’ਚ ਦੁਵੱਲੀ ਵਾਰਤਾ ਲਈ ਕਦਮ ਚੁੱਕਣ ਤੇ ਜੰਗ ਦਾ ਸ਼ਾਂਤੀਪੂਰਨ ਹੱਲ ਲੱਭਣ ਦਾ ਜਤਨ ਕੀਤਾ ਜਾਵੇਗਾ; ਤਾਂ ਜੋ ਉੱਥੇ ਹਿੰਸਾ ਵਿੱਚ ਕਮੀ ਹੋ ਸਕੇ ਤੇ ਜੰਗਬੰਦੀ ਹੋ ਸਕੇ।
ਚੇਤੇ ਰਹੇ ਕਿ ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ’ਚ ਆਤਮਘਾਤੀ ਹਮਲੇ ਦੌਰਾਨ ਇੱਕ ਅਮਰੀਕੀ ਫ਼ੌਜੀ ਜਵਾਨ ਦੇ ਮਾਰੇ ਜਾਣ ਤੋਂ ਬਾਅਦ ਬੀਤੇ ਸਤੰਬਰ ਮਹੀਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਅੱਤਵਾਦੀ ਸਮੂਹ ਤਾਲਿਬਾਨ ਨਾਲ ਚੱਲ ਰਹੀ ਗੱਲਬਾਤ ਅਚਾਨਕ ਬੰਦ ਕਰ ਦਿੱਤੀ ਸੀ।
ਹੁਣ ਉਸ ਦੇ ਤਿੰਨ ਮਹੀਨਿਆਂ ਬਾਅਦ ਇਹ ਗੱਲਬਾਤ ਮੁੜ ਸ਼ੁਰੂ ਕੀਤੀ ਗਈ ਹੈ। ਪਾਕਿਸਤਾਨੀ ਵਿਦੇਸ਼ ਮੰਤਰਾਲੇ ਨੇ ਵੀਰਵਾਰ 5 ਦਸੰਬਰ ਨੂੰ ਕਿਹਾ ਕਿ ਸਾਨੂੰ ਆਸ ਹੈ ਕਿ ਇਸ ਨਾਲ ਅਫ਼ਗ਼ਾਨਿਸਤਾਨ ’ਚ ਗੱਲਬਾਤ ਹੋਵੇਗੀ ਤੇ ਸ਼ਾਂਤੀਪੂਰਨ ਅਤੇ ਸਥਾਈ ਅਫ਼ਗ਼ਾਨਿਸਤਾਨ ਦਾ ਨਿਰਮਾਣ ਹੋਵੇਗਾ।
ਅਫ਼ਗ਼ਾਨਿਸਤਾਨ ’ਚ ਅਮਰੀਕੀ ਫ਼ੌਜਾਂ ਜਾਰਜ ਬੁਸ਼–ਜੂਨੀਅਰ ਵੇਲੇ ਆਈਆਂ ਸਨ। ਉਸ ਤੋਂ ਪਹਿਲਾਂ 11 ਸਤੰਬਰ, 2001 ਨੂੰ ਨਿਊ ਯਾਰਕ ਸਥਿਤ ਵਰਲਡ ਟਰੇਡ ਸੈਂਟਰ ਉੱਤੇ ਅਲ–ਕਾਇਦਾ ਦਾ ਭਿਆਨਕ ਹਿੰਸਕ ਹਮਲਾ ਹੋ ਚੁੱਕਾ ਸੀ। ਅਲ–ਕਾਇਦਾ ਦਾ ਮੁਖੀ ਓਸਾਮਾ ਬਿਨ ਲਾਦੇਨ ਤਦ ਅਫ਼ਗ਼ਾਨਿਸਤਾਨ ’ਚ ਹੀ ਰਹਿੰਦਾ ਸੀ ਪਰ ਬਾਅਦ ’ਚ ਉਹ ਪਾਕਿਸਤਾਨ ਜਾ ਕੇ ਵੱਸ ਗਿਆ ਸੀ।
ਅਮਰੀਕਾ ਨੇ ਲਾਦੇਨ ਨੂੰ ਉੱਥੇ ਪਾਕਿਸਤਾਨ ’ਚ ਵੀ ਮਾਰ ਮੁਕਾਇਆ ਸੀ। ਉਸ ਦੀ ਲਾਸ਼ ਤੱਕ ਕਿਸੇ ਨੂੰ ਵੇਖਣ ਨਹੀਂ ਸੀ ਦਿੱਤੀ ਗਈ।