ਨੇਪਾਲ ’ਚ ਉੱਤਰੀ ਕੋਰੀਆ ਦੇ ਲੋਕਾਂ ਦੀਆਂ ਵਧਦੀਆਂ ਗਤੀਵਿਧਆਂ ਪਿਯੋਂਗਯਾਂਗ ਲਈ ਖ਼ਾਸ ਅਮਰੀਕੀ ਦੂਤ ਮਾਰਕ ਲੈਂਬਰਟ ਨੇ ਹਿਮਾਲਾ ਪਰਬਤ ਦੇ ਦੇਸ਼ ਦੀ ਸਰਕਾਰ ਤੇ ਸਿਆਸੀ ਆਗੂਆਂ ਨੂੰ ਦੇਸ਼ ਵਿੱਚ ਉੱਤਰ ਕੋਰੀਆ ਦੇ ਲੋਕਾਂ ਵੱਲ ਜ਼ਿਆਦਾ ਧਿਆਨ ਨਾ ਦੇਣ ਲਈ ਕਿਹਾ ਹੈ।
‘ਦਿ ਹਿਮਾਲਯਨ ਟਾਈਮਜ਼’ ਮੁਤਾਬਕ ਨੇਪਾਲ ਦੀ ਤਿੰਨ ਦਿਨਾ ਯਾਤਰਾ ਉੱਤੇ ਆਏ ਲੈਂਬਰਟ ਨੇ ਸੰਸਦ ਮੈਂਬਰਾਂ, ਸੀਨੀਅਰ ਸਰਕਾਰੀ ਅਧਿਕਾਰੀਆਂ ਤੇ ਸੱਤਾਧਾਰੀ ਨੇਪਾਲ ਕਮਿਊਨਿਸਟ ਪਾਰਟੀ (NCP) ਦੇ ਸਹਿ–ਪ੍ਰਧਾਨ ਪੁਸ਼ਪ ਕਮਲ ਦਹਿਲ ਨੂੰ ਸ਼ੁੱਕਰਵਾਰ ਨੂੰ ਇਹ ਅਪੀਲ ਕੀਤੀ।
ਉਨ੍ਹਾਂ ਨੇਪਾਲ ’ਚ ਉੱਤਰੀ ਕੋਰੀਆਈ ਲੋਕਾਂ ਦੀਆਂ ਵਧਦੀਆਂ ਵਪਾਰਕ ਗਤੀਵਿਧੀਆਂ ਬਾਰੇ ਚਿੰਤਾ ਪ੍ਰਗਟਾਈ। ਉਨ੍ਹਾਂ ਇਹ ਖ਼ਦਸ਼ਾ ਵੀ ਪ੍ਰਗਟਾਇਆ ਕਿ ਉੱਤਰੀ ਕੋਰੀਆ ਦੇ ਲੋਕ ਸਾਈਬਰ ਅਪਰਾਧਾਂ ਲਈ ਨੇਪਾਲ ਦੀ ਵਰਤੋਂ ਅੱਡੇ ਦੇ ਤੌਰ ਉੱਤੇ ਕਰ ਰਹੇ ਹੋਣਗੇ।
ਇਨ੍ਹਾਂ ਮੀਟਿੰਗਾਂ ਦੌਰਾਨ ਲੈਂਬਰਟ ਦਾ ਸੰਦੇਸ਼ ਸਪੱਸ਼ਟ ਸੀ ਕਿ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਨੇ ਉੱਤਰੀ ਕੋਰੀਆ ’ਤੇ ਪਾਬੰਦੀਆਂ ਲਾਈਆਂ ਹੋਈਆਂ ਹਨ ਤੇ ਇੱਕ ਮੈਂਬਰ ਦੇਸ਼ ਵਜੋਂ ਨੇਪਾਲ ਨੂੰ ਇਸ ਫ਼ੈਸਲੇ ਦਾ ਸਤਿਕਾਰ ਕਰਨਾ ਚਾਹੀਦਾ ਹੈ।
ਉੱਤਰੀ ਕੋਰੀਆ ਵੱਲੋਂ ਸੰਯੁਕਤ ਰਾਸ਼ਟਰ ਦੇ ਚਾਰਟਰ ਦੀ ਉਲੰਘਣਾ ਕਰਦਿਆਂ ਪ੍ਰਮਾਣੂ ਹਥਿਆਰ ਵਿਕਸਤ ਕਰਨਾ ਸ਼ੁਰੂ ਕਰਨ ਤੋਂ ਬਾਅਦ ਸੰਯੁਕਤ ਰਾਸ਼ਟਰ ਨੇ ਉੱਤਰੀ ਕੋਰੀਆ ਉੱਤੇ ਕਈ ਪਾਬੰਦੀਆਂ ਲਾਈਆਂ ਹਨ।