ਅਮਰੀਕੀ ਰੱਖਿਆ ਵਿਭਾਗ ਨੇ ਪਾਕਿਸਤਾਨ ਨੂੰ 12.50 ਕਰੋੜ ਅਮਰੀਕੀ ਡਾਲਰ ਮੁੱਲ ਦੇ ਐੱਫ਼–16 ਜੰਗੀ ਜੈੱਟ ਹਵਾਈ ਜਹਾਜ਼ ਦੀ ਸਪਲਾਈ (ਵਿਕਰੀ) ਮਨਜ਼ੂਰ ਕਰ ਦਿੱਤੀ ਹੈ। ਰੱਖਿਆ ਵਿਭਾਗ ਨੇ ਇਹ ਜਾਣਕਾਰੀ ਕੱਲ੍ਹ ਸ਼ੁੱਕਰਵਾਰ ਨੂੰ ਅਮਰੀਕੀ ਸੰਸਦ ਨੂੰ ਦਿੱਤੀ।
ਅਮਰੀਕੀ ਰਾਸ਼ਟਰਪਤੀ ਸ੍ਰੀ ਡੋਨਾਲਡ ਟਰੰਪ ਤੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ੍ਰੀ ਇਮਰਾਨ ਖ਼ਾਨ ਵਿਚਾਲੇ ਕੁਝ ਦਿਨ ਪਹਿਲਾਂ ਹੀ ਆਪਸੀ ਗੱਲਬਾਤ ਹੋਈ ਹੈ। ਰੱਖਿਆ ਮੰਤਰਾਲੇ ਦਾ ਇਹ ਐਲਾਨ ਉਸੇ ਮੁਲਾਕਾਤ ਦਾ ਨਤੀਜਾ ਜਾਪਦੀ ਹੈ।
ਐੱਫ਼–16 ਜੰਗੀ ਜੈੱਟ ਹਵਾਈ ਜਹਾਜ਼ਾਂ ਦੀ ਨਵੀਂ ਖੇਪ ਮਿਲਣ ਨਾਲ ਪਾਕਿਸਤਾਨ ਆਪਣੀਆਂ ਸਰਹੱਦਾਂ ਉੱਤੇ 24 ਘੰਟੇ ਹਵਾਈ ਨਿਗਰਾਨੀ ਰੱਖ ਸਕੇਗਾ।
ਅਮਰੀਕੀ ਅਧਿਕਾਰੀਆਂ ਨੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਕਿ ਪਾਕਿਸਤਾਨ ਨੂੰ ਸੁਰੱਖਿਆ ਲਈ ਦਿੱਤੀ ਜਾਣ ਵਾਲੀ ਮਾਲੀ ਇਮਦਾਦ ਉੱਤੇ ਜਨਵਰੀ 2018 ਤੋਂ ਪਾਬੰਦੀ ਲੱਗੀ ਹੋਈ ਹੈ; ਉਹ ਪਾਬੰਦੀ ਜਾਰੀ ਰਹੇਗੀ।
ਬੀਤੇ ਦਿਨੀਂ ਰਾਸ਼ਟਰਪਤੀ ਸ੍ਰੀ ਟਰੰਪ ਤੇ ਪ੍ਰਧਾਨ ਮੰਤਰੀ ਸ੍ਰੀ ਖ਼ਾਨ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਕੁਝ ਅਜਿਹੇ ਸੰਕੇਤ ਮਿਲਣ ਲੱਗ ਪਏ ਸਨ ਕਿ ਸ਼ਾਇਦ ਅਮਰੀਕਾ ਵੱਲੋਂ ਪਾਕਿਸਤਾਨ ਨੂੰ ਮਾਲੀ ਇਮਦਾਦ ਮੁੜ ਦੇਣੀ ਸ਼ੁਰੂ ਕਰ ਦਿੱਤੀ ਜਾਵੇਗੀ ਪਰ ਕੱਲ੍ਹ ਰੱਖਿਆ ਵਿਭਾਗ ਨੇ ਇਸ ਬਾਰੇ ਸਪੱਸ਼ਟ ਕਰ ਦਿੱਤਾ ਕਿ ਅਜਿਹਾ ਕੁਝ ਨਹੀਂ ਹੈ।
ਦਰਅਸਲ, ਸ੍ਰੀ ਟਰੰਪ ਪਾਕਿਸਤਾਨ ਨੂੰ ਇਨ੍ਹਾਂ ਜੰਗੀ ਹਵਾਈ ਜਹਾਜ਼ਾਂ ਦੀ ਵਿਕਰੀ ਕਰ ਕੇ ਦੁਨੀਆ ਨੂੰ ਇਹੋ ਦਰਸਾਉਣਾ ਚਾਹੁੰਦੇ ਹਨ ਕਿ ਉਹ ਅਮਰੀਕੀ ਤਕਨਾਲੋਜੀ ਦੀ ਰਾਖੀ ਕਰ ਰਹੇ ਹਨ।
ਇਨ੍ਹਾਂ ਹਵਾਈ ਜਹਾਜ਼ਾਂ ਦੀ ਵਰਤੋਂ ਤੇ ਉਨ੍ਹਾਂ ਦੀ ਵਰਤੋਂ ਦੇ ਰਾਹ ਵਿੱਚ ਆਉਣ ਵਾਲੇ ਅੜਿੱਕਿਆਂ ਨੂੰ ਦੂਰ ਕਰਨ ਵਿੱਚ ਅਮਰੀਕੀ ਇੰਜੀਨੀਅਰ ਦੁਨੀਆ ਭਰ ਦੇ ਆਪਣੇ ਗਾਹਕਾਂ ਦੀ 24 ਘੰਟੇ ਮਦਦ ਕਰਦੇ ਹਨ।