ਪਾਕਿਸਤਾਨ ਦੇ ਸਾਬਕਾ ਫ਼ੌਜੀ ਹਾਕਮ ਪਰਵੇਜ਼ ਮੁਸ਼ੱਰਫ਼ ਵਿਰੁੱਧ ਦੇਸ਼–ਧਰੋਹ ਦੇ ਮਾਮਲੇ ’ਚ 17 ਦਸੰਬਰ ਨੂੰ ਫ਼ੈਸਲਾ ਸੁਣਾਇਆ ਜਾਵੇਗਾ। ਇੱਕ ਵਿਸ਼ੇਸ਼ ਅਦਾਲਤ ਨੇ ਬੀਤੇ ਦਿਨੀਂ ਇਸ ਦਾ ਐਲਾਨ ਕੀਤਾ। ਇਸਲਾਮਾਬਾਦ ਹਾਈ ਕੋਰਟ ਨੇ ਦੁਬਈ ’ਚ ਰਹਿ ਰਹੇ ਮੁਸ਼ੱਰਫ਼ ਵਿਰੁੱਧ ਪਾਕਿਸਤਾਨ ਸਰਕਾਰ ਵੱਲੋਂ ਦਾਇਰ ਪਟੀਸ਼ਨ ਦੀ ਸੁਣਵਾਈ ਕਰਦਿਆਂ ਵਿਸ਼ੇਸ਼ ਅਦਾਲਤ ਨੂੰ ਫ਼ੈਸਲਾ ਸੁਣਾਉਣ ਤੋਂ ਬੀਤੀ 28 ਨਵੰਬਰ ਨੂੰ ਰੋਕ ਦਿੱਤਾ ਸੀ।
ਸ੍ਰੀ ਮੁਸ਼ੱਰਫ਼ ਇਸ ਵੇਲੇ ਦੁਬਈ ’ਚ ਰਹਿ ਰਹੇ ਹਨ । ਦੇਸ਼–ਧਰੋਹ ਦੇ ਮਾਮਲੇ ’ਚ ਅਦਾਲਤ ਨੇ 76 ਸਾਲਾ ਮੁਸ਼ੱਰਫ਼ ਨੂੰ ਬੀਤੀ 5 ਦਸੰਬਰ ਨੂੰ ਬਿਆਨ ਰਿਕਾਰਡ ਕਰਵਾਉਣ ਲਈ ਆਖਿਆ ਸੀ।
ਸਾਬਕਾ ਰਾਸ਼ਟਰਪਤੀ ਵਿਰੁੱਧ ਮਾਮਲੇ ਦੀ ਸੁਣਵਾਈ ਕਰ ਰਹੇ ਪੇਸ਼ੇਵਰਾਨਾ ਹਾਈ ਕੋਰਟ ਦੇ ਚੀਫ਼ ਜਸਟਿਸ ਵੱਕਾਰ ਅਹਿਮਦ ਸੇਠ ਦੀ ਅਗਵਾਈ ਹੇਠਲੀ ਵਿਸ਼ੇਸ਼ ਅਦਾਲਤ ਦੇ ਤਿੰਨ–ਮੈਂਬਰੀ ਬੈਂਚ ਨੇ ਬਿਆਨ ਜਾਰੀ ਕੀਤਾ।
ਨਵੀਂ ਸਰਕਾਰੀ ਟੀਮ ਦੇ ਵਕੀਲ ਨੇ ਅਦਾਲਤ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਮਾਮਲੇ ਦੀ ਤਿਆਰੀ ਲਈ ਹੋਰ ਸਮੇਂ ਦੀ ਜ਼ਰੂਰਤ ਹੈ। ‘ਡੌਨ ਨਿਊਜ਼’ ਮੁਤਾਬਕ ਜਸਟਿਸ ਸ਼ਾਹ ਨੇ ਕਾਰਵਾਈ 17 ਦਸੰਬਰ ਤੱਕ ਮੁਲਤਵੀ ਕਰਦਿਆਂ ਕਿਹਾ ਸੀ ਕਿ ਉਹ ਅਗਲੀ ਸੁਣਵਾਈ ’ਤੇ ਦਲੀਲਾਂ ਸੁਣਨਗੇ ਤੇ ਫ਼ੈਸਲਾ ਸੁਣਾਉਣਗੇ।
ਜਨਰਲ ਮੁਸ਼ੱਰਫ਼ ਉੱਤੇ 3 ਨਵੰਬਰ, 2007 ਨੂੰ ਐਮਰਜੈਂਸੀ ਲਾਉਣ ਲਈ ਦੇਸ਼–ਧਰੋਹ ਦਾ ਮਾਮਲਾ ਚੱਲ ਰਿਹਾ ਹੈ। ਪਾਕਿਸਤਾਨ ਦੀ ਸਾਬਕਾ ਮੁਸਲਿਮ ਲੀਗ ਨਵਾਜ਼ ਸਰਕਾਰ ਨੇ ਇਹ ਮਾਮਲਾ ਦਰਜ ਕਰਵਾਇਆ ਸੀ ਤੇ 2013 ਤੋਂ ਮਾਮਲਾ ਮੁਲਤਵੀ ਚੱਲ ਰਿਹਾ ਹੈ।
ਦਸੰਬਰ 2013 ’ਚ ਮੁਸ਼ੱਰਫ਼ ਵਿਰੁੱਧ ਦੇਸ਼–ਧਰੋਹ ਦਾ ਮਾਮਲਾ ਦਰਜ ਹੋਇਆ ਸੀ। ਇਸ ਤੋਂ ਬਾਅਦ 31 ਮਾਰਚ, 2014 ਨੂੰ ਮੁਸ਼ੱਰਫ਼ ਨੂੰ ਦੋਸ਼ੀ ਕਰਾਰ ਦਿੱਤਾ ਗਿਆ ਸੀ ਤੇ ਉਸੇ ਵਰ੍ਹੇ ਸਤੰਬਰ ਮਹੀਨੇ ਸਰਕਾਰੀ ਧਿਰ ਨੇ ਸਾਰੇ ਸਬੂਤ ਵਿਸ਼ੇਸ਼ ਅਦਾਲਤ ਸਾਹਵੇਂ ਰੱਖੇ ਸਨ
ਪਰ ਅਪੀਲ ਮੰਚਾਂ ਉੱਤੇ ਪਟੀਸ਼ਨਾਂ ਕਾਰਨ ਸਾਬਕਾ ਫ਼ੌਜੀ ਤਾਨਾਸ਼ਾਹ ਦੇ ਮੁਕੱਦਮੇ ਵਿੱਚ ਦੇਰੀ ਹੋਈ ਤੇ ਉਹ ਸੁਪਰੀਮ ਕੋਰਟ ਤੇ ਗ੍ਰਹਿ ਮੰਤਰਾਲੇ ਦੀ ਮਨਜ਼ੂਰੀ ਤੋਂ ਬਾਅਦ ਮਾਰਚ 2016 ਦੌਰਾਨ ਪਾਕਿਸਤਾਨ ਤੋਂ ਬਾਹਰ ਚਲੇ ਗਏ।
ਪਾਕਿਸਤਾਨੀ ਮੀਡੀਆ ਮੁਤਾਬਕ ਮੁਸ਼ੱਰਫ਼ ਇੱਕ ਦੁਰਲੱਭ ਕਿਸਮ ਦੀ ਬੀਮਾਰੀ ਅਮਿਲਾਇਡੋਸਿਸ ਤੋਂ ਪੀੜਤ ਹਨ। ਇਸ ਬੀਮਾਰੀ ਕਾਰਨ ਬਚੀ ਹੋਈ ਪ੍ਰੋਟੀਨ ਸਰੀਰ ਦੇ ਅੰਗਾਂ ਵੱਚ ਜਮ੍ਹਾ ਹੋਣ ਲੱਗਦੀ ਹੈ।