ਇਟਲੀ, ਸਪੇਨ ਤੇ ਈਰਾਨ ’ਚ ਹੁਣ ਕੋਰੋਨਾ ਵਾਇਰਸ ਕਾਰਨ ਹਾਲਾਤ ਖ਼ਰਾਬ ਹੁੰਦੇ ਜਾ ਰਹੇ ਹਨ ਅਤੇ ਇਹ ਵਾਇਰਸ ਹੁਣ 135 ਦੇਸ਼ਾਂ ਤੱਕ ਫੈਲ ਚੁੱਕਾ ਹੈ।
ਸਪੇਨ ’ਚ ਐਤਵਾਰ ਨੂੰ ਕੋਰੋਨਾ ਤੋਂ ਪ੍ਰਭਾਵਿਤ 2,000 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ; ਜਦ ਕਿ ਪਿਛਲੇ 24 ਘੰਟਿਆਂ ਦੌਰਾਨ 100 ਤੋਂ ਵੱਧ ਵਿਅਕਤੀਆਂ ਦੀ ਮੌਤ ਹੋਈ ਹੈ। ਇਟਲੀ ਤੋਂ ਬਾਅਦ ਸਪੇਨ ਹੀ ਯੂਰੋਪ ਦਾ ਕੋਰੋਨਾ ਵਾਇਰਸ ਤੋਂ ਦੂਜਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਹੈ। ਇਟਲੀ ’ਚ ਪਿਛਲੇ 24 ਘੰਟਿਆਂ ਦੌਰਾਨ 368 ਮੌਤਾਂ ਹੋ ਗਈਆਂ ਹਨ ਤੇ ਕੁੱਲ ਮਾਮਲਿਆਂ ਦੀ ਗਿਣਤੀ 24,747 ਤੱਕ ਪੁੱਜ ਗਈ ਹੈ।
ਸਪੇਨ ’ਚ ਇਸ ਵਾਇਰਸ ਦੀ ਲਾਗ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 7,798 ਤੱਕ ਪੁੱਜ ਗਈ; ਜਿਨ੍ਹਾਂ ਵਿੱਚੋਂ 292 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਸਰਕਾਰ ਨੇ ਸਮੁੱਚੇ ਦੇਸ਼ ’ਚ ਕਈ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ।
ਅਗਲੇ 15 ਦਿਨਾਂ ਤੱਕ ਦੁਕਾਨਾਂ, ਬਾਰ, ਰੈਸਟੋਰੈਂਟ, ਸਿਨੇਮਾਘਰ, ਸਕੂਲ ਤੇ ਯੂਨੀਵਰਸਿਟੀਜ਼ ਨੁੰ ਬੰਦ ਕਰਨ ਦੇ ਨਾਲ ਹੀ ਸਾਰੇ ਨਾਗਰਿਕਾਂ ਦੇ ਯਾਤਰਾ ਕਰਨ ਉੱਤੇ ਵੀ ਪਾਬੰਦੀਆਂ ਲਾ ਦਿੱਤੀਆਂ ਗਈਆਂ ਹਨ। ਕਈ ਇਲਾਕਿਆਂ ’ਚ ਫ਼ੌਜ ਤਾਇਨਾਤ ਕਰ ਦਿੱਤੀ ਗਈ ਹੈ। ਹੋਰ ਤਾਂ ਹੋਰ, ਸਪੇਨ ਦੇ ਪ੍ਰਧਾਨ ਮੰਤਰੀ ਪੈਡਰੋ ਸਾਂਚੇਜ਼ ਦੀ ਪਤਨੀ ਬੇਗੋਨਾ ਗੋਮਜ਼ ਵੀ ਕੋਰੋਨਾ ਵਾਇਰਸ ਦੀ ਲਾਗ ਤੋ਼ ਪੀੜਤ ਹੋ ਗਏ ਹਨ।
ਪ੍ਰਧਾਨ ਮੰਤਰੀ ਦੇ ਦਫ਼ਤਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਤੇ ਨਾਲ ਹੀ ਕਈ ਹੋਰ ਸਪੇਨਿਸ਼ ਸਿਆਸੀ ਆਗੂ ਵੀ ਇਸ ਵਾਇਰਸ ਦੀ ਲਪੇਟ ’ਚ ਆ ਗਏ ਹਨ। ਉੱਧਰ ਚੀਨ ’ਚ ਹੁਣ ਤੱਕ 3,204 ਵਿਅਕਤੀ ਮਾਰੇ ਜਾ ਚੁੱਕੇ ਹਨ; ਜਦ ਕਿ ਉੱਥੇ ਇਸ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਸਭ ਤੋਂ ਵੱਧ 81,048 ਹੈ।
ਉੱਧਰ ਕੋਰੋਨਾ ਵਾਇਰਸ ਦੀ ਤੇਜ਼ੀ ਨਾਲ ਫੈਲਦੀ ਜਾ ਰਹੀ ਲਾਗ ਨੂੰ ਵੇਖਦਿਆਂ ਈਰਾਨ ਦੀ ਸਰਕਾਰ ਨੇ ਇਸਲਾਮ ਦੀ ਤੀਜੀ ਸਭ ਤੋਂ ਪਵਿੱਤਰ ਅਲ–ਅਕਸਾ ਮਸਜਿਦ ਨੂੰ ਬੰਦ ਕਰ ਦਿੱਤਾ ਹੈ। ਈਰਾਨ ’ਚ ਹੁਣ ਤੱਕ ਇਸ ਵਾਇਰਸ ਕਾਰਨ 724 ਵਿਅਕਤੀ ਮਾਰੇ ਜਾ ਚੁੱਕੇ ਹਨ ਤੇ 13,938 ਵਿਅਕਤੀ ਇਸ ਵਾਇਰਸ ਕਾਰਨ ਬੀਮਾਰ ਪਏ ਹਨ; ਜਿਨ੍ਹਾਂ ਵਿੱਚੋਂ ਬਹੁਤ ਸਾਰਿਆਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।