ਅਗਲੀ ਕਹਾਣੀ

ਵੀਐਨਾ ਹਵਾਈ ਅੱਡੇ ’ਤੇ ਸਿੰਘ ਦੀ ਦਸਤਾਰ ਬਾਰੇ ਕੋਝਾ ਮਜ਼ਾਕ, ਹੋ ਰਹੀ ਸਖ਼ਤ ਨਿੰਦਾ

ਵੀਐਨਾ ਹਵਾਈ ਅੱਡੇ ’ਤੇ ਸਿੰਘ ਦੀ ਦਸਤਾਰ ਬਾਰੇ ਕੋਝਾ ਮਜ਼ਾਕ, ਹੋ ਰਹੀ ਸਖ਼ਤ ਨਿੰਦਾ

ਆਸਟਰੀਆ ਦੇਸ਼ ਦੀ ਰਾਜਧਾਨੀ ਵੀਐਨਾ ਦੀ ਹਵਾਈ ਅੱਡੇ ਉੱਤੇ ਇੱਕ ਸਿੱਖ ਸਮਾਜ–ਸੇਵਕ ਦੀ ਦਸਤਾਰ ਉੱਤੇ ਕੋਝਾ ਮਜ਼ਾਕ ਕੀਤਾ ਗਿਆ ਹੈ, ਜਿਸ ਦੀ ਸਖ਼ਤ ਨਿਖੇਧੀ ਹੋ ਰਹੀ ਹੈ। ਇਹ ਮਜ਼ਾਕ ਹੋਰ ਕਿਸੇ ਨੇ ਨਹੀਂ, ਸਗੋਂ ਹਵਾਈ ਅੱਡੇ ਦੀ ਹੀ ਇੱਕ ਮਹਿਲਾ ਅਧਿਕਾਰੀ ਨੇ ਕੀਤਾ ਦੱਸਿਆ ਜਾਂਦਾ ਹੈ।

 

 

‘ਖ਼ਾਲਸਾ ਏਡ’ ਨਾਲ ਜੁੜੇ ਸਮਾਜ ਸੇਵਕ ਸ੍ਰੀ ਰਵੀ ਸਿੰਘ ਹੁਣ ਇਸ ਮਾਮਲੇ ਉੱਤੇ ਕਾਫ਼ੀ ਅਪਮਾਨਿਤ ਮਹਿਸੂਸ ਕਰ ਰਹੇ ਹਨ। ਮੈਟਰੋ ਡਾੱਟ ਸੀਓ ਡਾੱਟ ਯੂਕੇ ਦੀ ਰਿਪੋਰਟ ਮੁਤਾਬਕ ਸ੍ਰੀ ਰਵੀ ਸਿੰਘ ਉਨ੍ਹਾਂ ਯਜ਼ਿਦੀ ਔਰਤਾਂ ਦੀ ਮਦਦ ਕਰਨ ਤੋਂ ਬਾਅਦ ਇੰਗਲੈਂਡ ਪਰਤ ਰਹੇ ਸਨ, ਜਿਨ੍ਹਾਂ ਨੂੰ ਇਰਾਕ ਵਿੱਚ ਅੱਤਵਾਦੀ ਜੱਥੇਬੰਦੀ ‘ਇਸਲਾਮਿਕ ਸਟੇਟ’ ਨੇ ਗ਼ੁਲਾਮ ਬਣਾ ਕੇ ਰੱਖਿਆ ਹੋਇਆ ਸੀ।

 

 

ਸ੍ਰੀ ਰਵੀ ਸਿੰਘ ਸ਼ੁੱਕਰਵਾਰ ਨੂੰ ਜਦੋਂ ਵੀਐਨਾ ਹਵਾਈ ਅੱਡੇ ਉੱਤੇ ਦੂਜੀ ਉਡਾਣ ਫੜਨ ਲਈ ਉੱਤਰੇ, ਤਾਂ ਉੱਥੋਂ ਦੇ ਸੁਰੱਖਿਆ ਅਮਲੇ ਨੇ ਪਹਿਲਾਂ ਉਨ੍ਹਾਂ ਦੀ ਦਸਤਾਰ ਉੱਤੇ ਮੈਟਲ ਡਿਟੈਕਟਰ ਘੁਮਾਇਆ। ਪਰ ਅਮਲੇ ਦੀ ਇੱਕ ਮਹਿਲਾ ਸਟਾਫ਼ ਮੈਂਬਰ ਨੇ ਜ਼ੋਰ ਦਿੱਤਾ ਕਿ ਇਸ ਦਸਤਾਰ ਦੀ ਹੋਰ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਤਦ ਉਸ ਸੁਰੱਖਿਆ ਅਧਿਕਾਰੀ ਨੇ ਸ੍ਰੀ ਰਵੀ ਸਿੰਘ ਦੀ ਖ਼ਾਸ ਤਲਾਸ਼ੀ ਲਈ। ਇੱਕ ਸੱਚੇ ਸਮਾਜ–ਸੇਵਕ ਕੋਲੋਂ ਕੀ ਮਿਲ ਸਕਦਾ ਸੀ ਪਰ ਉਸ ਅਧਿਕਾਰੀ ਨੇ ਹਵਾਈ ਅੱਡੇ ਉੱਤੇ ਇਹ ਰੌਲ਼ਾ ਪਾ ਦਿੱਤਾ ਕਿ ਸ੍ਰੀ ਰਵੀ ਸਿੰਘ ਦੀ ਦਸਤਾਰ ’ਚੋਂ ਬੰਬ ਮਿਲਿਆ ਹੈ।

 

 

ਤਦ ਮਜ਼ਾਕ ਕਰਨ ਵਾਲੀ ਉਹ ਸੁਰੱਖਿਆ ਅਧਿਕਾਰੀ ਖ਼ੁਸ਼ੀ ਨਾਲ ਮੁਸਕਰਾਉਂਦੀ ਵੇਖੀ ਗਈ। ਸ੍ਰੀ ਰਵੀ ਸਿੰਘ ਨੇ ਤਦ ਉੱਥੇ ਸਟੈਂਡ ਲੈ ਲਿਆ ਕਿ ਉਨ੍ਹਾਂ ਨਾਲ ਕੋਝਾ ਮਜ਼ਾਕ ਕੀਤਾ ਗਿਆ ਹੈ। ਉਨ੍ਹਾਂ ਦਲੀਲ ਰੱਖੀ ਕਿ – ‘ਜੇ ਮੈਂ ਕਿਤੇ ਅਜਿਹੀ ਟਿੱਪਣੀ ਕੀਤੀ ਹੁੰਦੀ, ਤਾਂ ਤੁਸੀਂ ਮੈਨੂੰ ਜੇਲ੍ਹੀਂ ਡੱਕ ਦੇਣਾ ਸੀ। ਇਸ ਲਈ ਇਸ ਸੁਰੱਖਿਆ ਅਧਿਕਾਰੀ ਨੂੰ ਮਾਫ਼ੀ ਮੰਗਣੀ ਚਾਹੀਦੀ ਹੈ।’ ਪਰ ਉਸ ਮਹਿਲਾ ਅਧਿਕਾਰੀ ਨੇ ਮਾਫ਼ੀ ਮੰਗਣ ਤੋਂ ਸਾਫ਼ ਇਨਕਾਰ ਕਰ ਦਿੱਤਾ।

 

 

ਇੱਥੇ ਵਰਨਣਯੋਗ ਹੈ ਕਿ ਸ੍ਰੀ ਰਵੀ ਸਿੰਘ ਨੂੰ ਯਜ਼ਿਦੀ ਔਰਤਾਂ ਦੀ ਮਦਦ ਲਈ ਅੱਜ–ਕੱਲ੍ਹ ਵਾਰ–ਵਾਰ ਇਰਾਕ ਜਾਣਾ ਪੈ ਰਿਹਾ ਹੈ। ਉਹ ਪਿਛਲੇ 3 ਹਫ਼ਤਿਆਂ ਦੌਰਾਨ ਦੋ ਵਾਰ ਇਰਾਕ ਜਾ ਆਏ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Vienna Airport employee jokes about a Sikh s turban condemned