ਸੰਕਟ `ਚ ਫਸਿਆ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਸੋਮਵਾਰ ਨੂੰ ਇੱਕ ਵਾਰ ਫਿਰ ਵੈਸਟਮਿਨਸਟਰ ਅਦਾਲਤ `ਚ ਪੇਸ਼ ਹੋਵੇਗਾ। ਉਸ ਦੀ ਭਾਰਤ ਹਵਾਲਗੀ ਨਾਲ ਸਬੰਧਤ ਮੁਕੱਦਮੇ `ਤੇ ਫ਼ੈਸਲਾ ਛੇਤੀ ਆ ਸਕਦਾ ਹੈ। ਇਸ ਤੋਂ ਇਲਾਵਾ ਸੀਬੀਆਈ ਤੇ ਇਨਫ਼ੋਰਸਮੈਂਟ ਡਾਇਰੈਕਟੋਰੇਟ ਦੀ ਸਾਂਝੀ ਟੀਮ ਇੰਗਲੈਂਡ ਲਈ ਰਵਾਨਾ ਹੋ ਗਈ ਹੈ। ਇਸ ਮਾਮਲੇ ਨੂੰ ਪਹਿਲਾਂ ਸੀਬੀਆਈ ਦੇ ਵਿਸ਼ੇਸ਼ ਡਾਇਰੇਕਟਰ ਰਾਕੇਸ਼ ਅਸਥਾਨਾ ਵੇਖ ਰਹੇ ਸਨ।
ਇੱਥੇ ਵਰਨਣਯੋਗ ਹੈ ਕਿ ਇਸ ਵੇਲੇ ਬੰਦ ਹੋ ਚੁੱਕੀ ਕਿੰਗਫਿ਼ਸ਼ਰ ਏਅਰਲਾਈਨਜ਼ ਦੇ ਮੁਖੀ ਰਹੇ 62 ਸਾਲਾ ਵਿਜੇ ਮਾਲਿਆ `ਤੇ ਲਗਭਗ 9,000 ਕਰੋੜ ਰੁਪਏ ਦੀ ਧੋਖਾਧੜੀ ਤੇ ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਦੇ ਦੋਸ਼ ਹਨ। ਪਿਛਲੇ ਵਰ੍ਹੇ ਅਪ੍ਰੈਲ ਤੋਂ ਹਵਾਲਗੀ ਵਾਰੰਟ ਤੋਂ ਬਾਅਦ ਮਾਲਿਆ ਜ਼ਮਾਨਤ `ਤੇ ਹੈ।
ਪਿੱਛੇ ਜਿਹੇ ਮਾਲਿਆ ਨੇ ਟਵੀਟ ਕਰ ਕੇ ਆਖਿਆ ਸੀ,‘ਮੈਂ ਇੱਕ ਪੈਸੇ ਦਾ ਕਰਜ਼ਾ ਨਹੀਂ ਲਿਆ। ਕਰਜ਼ਾ ਕਿੰਗਫਿ਼ਸ਼ਰ ਏਅਰਲਾਈਨਜ਼ ਨੇ ਲਿਆ। ਕਾਰੋਬਾਰੀ ਨਾਕਾਮੀ ਕਾਰਨ ਇਹ ਪੈਸਾ ਡੁੱਬਿਆ ਹੈ। ਗਰੰਟੀ ਦੇਣ ਦਾ ਮਤਲਬ ਇਹ ਨਹੀਂ ਹੈ ਕਿ ਮੈਨੁੰ ਧੋਖੇਬਾਜ਼ ਆਖਿਆ ਜਾਵੇ।` ਮਾਲਿਆ ਨੇ ਕਿਹਾ ਕਿ ਮੈਂ ਅਸਲ ਰਕਮ ਦਾ 100 ਫ਼ੀ ਸਦੀ ਮੋੜਨ ਦੀ ਪੇਸ਼ਕਸ਼ ਕੀਤੀ ਹੈ। ਇਸ ਨੂੰ ਪ੍ਰਵਾਨ ਕੀਤਾ ਜਾਵੇ। ਮਲਿਆ ਖਿ਼ਲਾਫ਼ ਹਵਾਲਗੀ ਦਾ ਮਾਮਲਾ ਮੈਜਿਸਟ੍ਰੇਟ ਦੀ ਅਦਾਲਤ `ਚ ਪਿਛਲੇ ਵਰ੍ਹੇ ਚਾਰ ਦਸੰਬਰ ਨੂੰ ਸ਼ੁਰੂ ਹੋਇਆ ਸੀ।