ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ ਨਾਲ ਨਿਪਟਣ ਦੇ ਮਾਮਲੇ ’ਚ ਵਿਸ਼ਵ ਸਿਹਤ ਸੰਗਠਨ (WHO) ਦੀ ਤਿੱਖੀ ਆਲੋਚਨਾ ਕੀਤੀ। ਉਨ੍ਹਾਂ WHO ਨੂੰ ਲੈ ਕੇ ਚੀਨ ਉੱਤੇ ਵੱਧ ਧਿਆਨ ਦੇਣ ਦਾ ਦੋਸ਼ ਲਾਇਆ ਹੈ।
ਸ੍ਰੀ ਟਰੰਪ ਨੇ ਕਿਹਾ ਕਿ ਵਿਸ਼ਵ ਸਿਹਤ ਸੰਗਠਨ (WHO) ਨੂੰ ਅਮਰੀਕਾ ਤੋਂ ਵੱਡੇ ਪੱਧਰ ਉੱਤੇ ਧਨ ਮਿਲਦਾ ਹੈ। ਮੈਂ ਚੀਨ ਲਈ ਯਾਤਰਾ ’ਤੇ ਪਾਬੰਦੀ ਲਾਈ, ਤਾਂ ਉਹ ਮੇਰੇ ਨਾਲ ਅਸਹਿਮਤ ਸਨ ਤੇ ਉਨ੍ਹਾਂ (WHO) ਨੇ ਮੇਰੀ ਆਲੋਚਨਾ ਕੀਤੀ। ਉਹ ਬਹੁਤ ਸਾਰੀਆਂ ਚੀਜ਼ਾਂ ’ਚ ਗ਼ਲਤ ਸਨ। ਇੰਝ ਜਾਪ ਰਿਹਾ ਹੈ ਕਿ ਉਨ੍ਹਾਂ ਦਾ ਚੀਨ ਵੱਲ ਜ਼ਿਆਦਾ ਧਿਆਨ ਹੈ। ਅਸੀਂ WHO ਉੱਤੇ ਖ਼ਰਚ ਕੀਤੀ ਜਾਣ ਵਾਲੀ ਰਕਮ ਉੱਤੇ ਰੋਕ ਲਾਉਣ ਜਾ ਰਹੇ ਹਾਂ।
ਸ੍ਰੀ ਟਰੰਪ ਨੇ ਪੱਤਰਕਾਰਾਂ ਨੂੰ ਕਿਹਾ ਕਿ ਉਹ ਵਿਸ਼ਵ ਸਿਹਤ ਸੰਗਠਨ ’ਤੇ ਵੱਡਾ ਰੋਕ ਲਾਉਣ ਜਾ ਰਹੇ ਹਨ। ਸੰਯੁਕਤ ਰਾਸ਼ਟਰ ਦੀ ਇਸ ਇਕਾਈ ਦੀ ਫ਼ੰਡਿੰਗ ਦਾ ਵੱਡਾ ਸਰੋਤ ਅਮਰੀਕਾ ਹੈ। ‘ਅਮਰੀਕਾ ਫ਼ਸਟ’ (ਅਮਰੀਕਾ ਪਹਿਲਾਂ) ਦਾ ਨਾਅਰਾ ਦੇਣ ਵਾਲੇ ਡੋਨਾਲਡ ਟਰੰਪ ਨੇ ਕਿਹਾ ਕਿ ਅਸੀਂ WHO ਉੱਤੇ ਖ਼ਰਚ ਕੀਤੇ ਜਾਣ ਵਾਲੇ ਧਨ ਉੱਤੇ ਰੋਕ ਲਾਉਣ ਜਾ ਰਹੇ ਹਾਂ।
ਚੇਤੇ ਰਹੇ ਕਿ ਸ੍ਰੀ ਟਰੰਪ ਪਹਿਲਾਂ ਵੀ ਸੰਯੁਕਤ ਰਾਸ਼ਟਰ ਅਧੀਨ ਕੰਮ ਕਰਨ ਵਾਲੀਆਂ ਏਜੰਸੀਆਂ ਨੂੰ ਆਪਣੇ ਨਿਸ਼ਾਨੇ ’ਤੇ ਲੈ ਚੁੱਕੇ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਸ੍ਰੀ ਟਰੰਪ ਨੇ ਅਜਿਹੀ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਉਹ WHO ਲਈ ਖ਼ਰਚ ਕੀਤੇ ਜਾਣ ਵਾਲੇ ਕਿੰਨੇ ਪੈਸੇ ਉੱਤੇ ਰੋਕ ਲਾਉਣਗੇ।
ਸ੍ਰੀ ਟਰੰਪ ਨੇ ਕਿਹਾ ਕਿ ਮੈਂ ਇਹ ਨਹੀਂ ਕਹਿ ਰਿਹਾ ਕਿ ਮੈਂ ਇਹ ਕਰਨ ਜਾ ਰਿਹਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਫ਼ੰਡਿੰਗ ਖ਼ਤਮ ਕਰਨ ਬਾਰੇ ਵਿਚਾਰ ਕਰਾਂਗੇ। WHO ਦਾ ਚੀਨ–ਪੱਖੀ ਹੋਣਾ ਪੱਖਪਾਤੀ ਹੈ ਤੇ ਇਹ ਸਹੀ ਨਹੀਂ ਹੈ।