ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਮੰਗਲਵਾਰ ਨੂੰ ਚੇਤਾਵਨੀ ਦਿੱਤੀ ਹੈ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਈਆਂ ਪਾਬੰਦੀਆਂ ਵਿੱਚ ਢਿੱਲ ਛੇਤੀ ਦੇਣ ਨਾਲ ਇਹ ਵਾਇਰਸ ਮੁੜ ਜ਼ੋਰ ਫੜ ਸਕਦਾ ਹੈ। ਡਬਲਯੂਐਚਓ ਨੇ ਇਹ ਚੇਤਾਵਨੀ ਅਜਿਹੇ ਸਮੇਂ ਦਿੱਤੀ ਹੈ ਜਦੋਂ ਸਰਕਾਰਾਂ ਪਾਬੰਦੀਆਂ ਵਿੱਚ ਢਿੱਲ ਦੇ ਕੇ ਆਰਥਿਕ ਗਤੀਵਿਧੀਆਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀਆਂ ਹਨ।
ਡਬਲਯੂਐਚਓ ਲਈ ਪੱਛਮੀ ਪ੍ਰਸ਼ਾਂਤ ਦੇ ਖੇਤਰੀ ਨਿਰਦੇਸ਼ਕ, ਡਾ. ਤਾਕੇਸ਼ੀ ਕਾਸੇਈ ਨੇ ਕਿਹਾ ਕਿ ਇਹ ਢਿੱਲ ਵਰਤਣ ਦਾ ਸਮਾਂ ਨਹੀਂ ਹੈ, ਸਗੋਂ ਸਾਨੂੰ ਨੇੜਲੇ ਭਵਿੱਖ ਲਈ ਜੀਉਣ ਦੇ ਨਵੇਂ ਢੰਗ ਤਰੀਕੇ ਨੂੰ ਲੈ ਕੇ ਆਪਣੇ ਆਪ ਨੂੰ ਤਿਆਰ ਰੱਖਣ ਦੀ ਲੋੜ ਹੈ।
ਉਨ੍ਹਾਂ ਕਿਹਾ ਕਿ ਸਰਕਾਰਾਂ ਨੂੰ ਵਾਇਰਸ ਫੈਲਣ ਤੋਂ ਰੋਕਣ ਲਈ ਸੁਚੇਤ ਹੋਣ ਦੀ ਲੋੜ ਹੈ ਅਤੇ ਸਮਾਜਿਕ ਦੂਰੀ ਬਣਾਈ ਰੱਖਣ ਲਈ ਲੌਕਡਾਊਨ ਅਤੇ ਸਮਾਜਿਕ ਦੂਰੀ ਬਣਾਏ ਰੱਖਣ ਦੇ ਹੋਰ ਕਦਮਾਂ ਨੂੰ ਹੌਲੀ ਹੌਲੀ ਹਟਾਇਆ ਜਾਣਾ ਚਾਹੀਦਾ ਹੈ। ਇਸ ਦੇ ਨਾਲ ਹੀ ਲੋਕਾਂ ਨੂੰ ਸਿਹਤਮੰਦ ਰੱਖਣ ਅਤੇ ਆਰਥਿਕਤਾ ਨੂੰ ਚੱਲਦਾ ਰੱਖਣ ਵਿੱਚ ਸੰਤੁਲਨ ਪੈਦਾ ਕਰਨ ਦੀ ਲੋੜ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ 20 ਅਪ੍ਰੈਲ ਤੋਂ ਭਾਰਤ ਦੇ ਉਨ੍ਹਾਂ ਹਿੱਸਿਆਂ ਵਿੱਚ ਲੌਕਡਾਊਨ ਵਿੱਚ ਕੁਝ ਢਿੱਲ ਦਿੱਤੀ ਗਈ ਹੈ ਜਿਥੇ ਕੋਰੋਨਾ ਵਾਇਰਸ ਦਾ ਕੋਈ ਕੇਸ ਨਹੀਂ ਹੈ। ਕੇਰਲ ਦੇ ਗ੍ਰੀਨ ਜ਼ੋਨ ਦੇ ਦੋ ਜ਼ਿਲ੍ਹਿਆਂ ਵਿੱਚ, ਜਨਤਕ ਆਵਾਜਾਈ ਦੇ ਨਾਲ, ਨਾਈ ਦੀਆਂ ਦੁਕਾਨਾਂ ਅਤੇ ਰੈਸਟੋਰੈਂਟ ਖੋਲ੍ਹਣ ਦੀ ਆਗਿਆ ਦਿੱਤੀ ਗਈ ਸੀ। ਹਾਲਾਂਕਿ ਕੇਂਦਰ ਸਰਕਾਰ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਪਰ ਰਾਜ ਸਰਕਾਰ ਨੇ ਮੁੜ ਤੋਂ ਪਾਬੰਦੀ ਲਗਾ ਦਿੱਤੀ।